ਆਤਿਸ਼ ਗੁਪਤਾ
ਚੰਡੀਗੜ੍ਹ, 15 ਮਈ
ਚੰਡੀਗੜ੍ਹ ਵਾਸੀਆਂ ਨੂੰ ਕਰੋਨਾ ਦੇ ਵਧ ਰਹੇ ਕੇਸਾਂ ਕਰਕੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਕੁਝ ਰਾਹਤ ਮਿਲ ਸਕਦੀ ਹੈ। ਯੂਟੀ ਪ੍ਰਸ਼ਾਸਨ ‘ਵਾਰ ਰੂਮ’ ਮੀਟਿੰਗ ਦੌਰਾਨ ਔਡ-ਈਵਨ ਲਗਾਉਣ ਜਾਂ ਪਾਬੰਦੀਆਂ ਹਟਾਉਣ ਬਾਰੇ ਵਿਚਾਰ ਕਰ ਸਕਦਾ ਹੈ। ਇਸ ਸਮੇਂ ਸ਼ਹਿਰ ਵਿੱਚ ਸਿਰਫ਼ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਦਕਿ ਹੋਰ ਵਸਤਾਂ ਦੀਆਂ ਦੁਕਾਨਾਂ ਬੰਦ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਇਆ ਜਾ ਰਿਹਾ ਹੈ।
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦਾ ਵਪਾਰੀ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਧਰ ਵਧ ਰਹੀ ਗਰਮੀ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਕੂਲਾਂ ਦੀ ਆਨਲਾਈਨ ਪੜ੍ਹਾਈ ਜਾਰੀ ਹੋਣ ਕਰਕੇ ਕਿਤਾਬਾਂ ਦੀ ਖਰੀਦੋ ਫਰੋਖਤ ਵਿੱਚ ਮੁਸ਼ਕਿਲ ਆ ਰਹੀ ਹੈ।। ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੁਕਾਨਾਂ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ।
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਹਫ਼ਤੇ ਹੋਣ ਵਾਲੀ ਮੀਟਿੰਗ ਵਿੱਚ ਪਾਬੰਦੀਆਂ ਹਟਾਉਣ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਮਗਰਂ ਆਖਰੀ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦਾ ਹੋਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਵਾਰ ਰੂਮ ਦੀ ਮੀਟਿਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਪਰ ਫੈਸਲਾ ਪ੍ਰਸ਼ਾਸਕ ਲੈਂਦੇ ਹਨ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਸ਼ਹਿਰ ਵਿੱਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਸ਼ਾਮ 5 ਵਜੇ ਤੱਕ ਖੁੱਲ੍ਹ ਸਕਦੀਆਂ ਹਨ ਜਦਕਿ ਹੋਰਨਾਂ ਦੁਕਾਨਾਂ ਬੰਦ ਹਨ। ਇਸ ਤੋਂ ਇਲਾਵਾ ਸੁਖਨਾ ਝੀਲ, ਲਾਈਬ੍ਰੇਰੀਆਂ, ਮਿਊਜ਼ੀਅਮ, ਰੌਕ ਗਾਰਡਨ ਸਣੇ ਘੁੰਮਣ ਵਾਲੀਆਂ ਦੁਕਾਨਾਂ ’ਤੇ ਪਾਬੰਦੀ ਲਗਾਈ ਗਈ ਹੈ। ਵਿਆਹ ਸਮਾਗਮ ਵਿੱਚ ਵੀ ਹਾਜ਼ਰੀ ਸੀਮਤ ਕੀਤੀ ਹੈ। ਸ਼ਹਿਰ ਦੇ ਪਾਰਕਾਂ ਵਿੱਚ ਸੈਰ ਕਰਨ ਦਾ ਸਮਾਂ ਵੀ ਸੀਮਿਤ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਰਫ਼ ਦੁਕਾਨਾਂ ਖੋਲ੍ਹਣ ਵਿੱਚ ਰਾਹਤ ਮਿਲ ਸਕਦੀ ਹੈ ਜਦਕਿ ਹੋਰ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਨਿਯਮਾਂ ਦੀ ਉਲੰਘਣਾ ਕਰਨ ’ਤੇ 11 ਵਿਅਕਤੀ ਗ੍ਰਿਫ਼ਤਾਰ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਸਬੰਧੀ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਹਫ਼ਤਾਰੀ ਕਰਫਿਊ ਦੀ ਦੌਰਾਨ ਬਾਹਰ ਨਿਕਲਣ ਸਬੰਧੀ 197 ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਸ਼ਹਿਰ ਵਿੱਚ ਸਮਾਜਿਕ ਦੁਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ 111 ਜਣਿਆਂ ਦੇ ਚਲਾਨ ਕੀਤੇ ਹਨ ਜਿਸ ਵਿੱਚ 73 ਸਮਾਜਿਕ ਦੂਰੀ ਦੇ, 28 ਜਨਤਕ ਥਾਵਾਂ ’ਤੇ ਥੁੱਕਣ ਦੇ ਅਤੇ 10 ਬਿਨਾਂ ਮਾਸਕ ਵਾਲਿਆਂ ਦੇ ਚਾਲਾਨ ਕੀਤੇ ਹਨ। ਇਸੇ ਤਰ੍ਹਾਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 24 ਦੇ ਚਲਾਨ ਕੀਤੇ ਹਨ ਜਦਕਿ 4 ਵਾਹਨ ਜ਼ਬਤ ਕੀਤੇ ਗਏ ਹਨ। -ਟਨਸ