ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਆਲ ਇੰਡੀਆ ਕਾਂਗਰਸ ਕਮੇਟੀ ਨੇ ਚੰਡੀਗੜ੍ਹ ਕਾਂਗਰਸ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ 15 ਜਣਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦਾ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇ. ਵੀ. ਵੈਣੂਗੋਪਾਲ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸਹਿਮਤੀ ਤੋਂ ਬਾਅਦ ਕੀਤਾ ਹੈ। ਇਸ ਕਮੇਟੀ ਵਿੱਚ ਪਾਰਟੀ ਦੇ ਸੀਨੀਅਰ ਆਗੁੂ ਹਰੀਸ਼ ਚੌਧਰੀ, ਕੌਮੀ ਖਜ਼ਾਨਚੀ ਪਵਨ ਕੁਮਾਰ ਬਾਂਸਲ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ਸਾਬਕਾ ਪ੍ਰਧਾਨ ਸੁਭਾਸ਼ ਚਾਵਲਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੀਡੀ ਜਿੰਦਲ, ਪਵਨ ਸ਼ਰਮਾ, ਚਮਨ ਲਾਲ ਸ਼ਰਮਾ, ਸੁਰਿੰਦਰ ਸਿੰਘ, ਜਤਿੰਦਰ ਭਾਟੀਆ, ਕਮਲੇਸ਼, ਬਲਰਾਜ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਗੁਰਬਖਸ਼ ਰਾਵਤ, ਜਸਬੀਰ ਸਿੰਘ ਬੰਟੀ ਅਤੇ ਰਾਜੀਵ ਮੌਦਗਿੱਲ ਦੇ ਨਾਮ ਸ਼ਾਮਲ ਹਨ।
ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਵਿਚਲੇ ਚਾਰ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਗਿਆ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸ੍ਰੀ ਵੈਣੂਗੋਪਾਲ ਦੇ ਦਸਤਖਤ ਹੇਠ ਜਾਰੀ ਪੱਤਰ ਵਿੱਚ ਜ਼ਿਲ੍ਹਾ ਅਰਬਨ-1 ਦਾ ਪ੍ਰਧਾਨ ਰਵੀ ਠਾਕੁਰ, ਅਰਬਨ-2 ਦਾ ਪ੍ਰਧਾਨ ਜਸਬੀਰ ਸਿੰਘ ਬੰਟੀ, ਅਰਬਨ-3 ਦਾ ਪ੍ਰਧਾਨ ਪ੍ਰਵੀਨ ਨਾਰੰਗ ਬੰਟੀ ਅਤੇ ਮਨੀਮਾਜਰਾ ਦਾ ਪ੍ਰਧਾਨ ਸੁਰਜੀਤ ਢਿੱਲੋਂ ਨੂੰ ਲਗਾਇਆ ਗਿਆ ਹੈ।