ਆਤਿਸ਼ ਗੁਪਤਾ
ਚੰਡੀਗੜ੍ਹ, 16 ਮਾਰਚ
ਕੇਂਦਰੀ ਰਿਹਾਇਸ਼ੀ ਅਤੇ ਸ਼ਹਿਰੀ ਮੰਤਰਾਲੇ ਵੱਲੋਂ ਕਰਵਾਏ ਗਏ ‘ਈਟ ਸਮਾਰਟ ਸਿਟੀਜ਼ ਚੈਲੇਂਜ’ ਦੇ 11 ਜੇਤੂਆਂ ਵਿੱਚ ਚੰਡੀਗੜ੍ਹ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇੰਦੌਰ, ਜੰਮੂ, ਜਬਲਪੁਰ, ਪਣਜੀ, ਰਾਜਕੋਟ, ਰੋੜਕੇਲਾ, ਸਾਗਰ, ਤੂਮਾਕੁਰੂ ਅਤੇ ਉਜੈਨ ਵੀ ਜੇਤੂ ਸ਼ਹਿਰਾਂ ਵਿੱਚ ਸ਼ਾਮਲ ਹਨ। ਇਹ ਮੁਕਾਬਲਾ ਕੇਂਦਰ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਅਤੇ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ 15 ਅਪਰੈਲ 2021 ਨੂੰ ਕਰਵਾਇਆ ਸੀ। ਇਸ ਮੁਕਾਬਲੇ ਵਿੱਚ ਦੇਸ਼ ਦੇ 5 ਲੱਖ ਤੋਂ ਵੱਧ ਆਬਾਦੀ ਵਾਲੇ 108 ਸ਼ਹਿਰਾਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ ਵਿੱਚੋਂ ਦੇਸ਼ ਦੇ ਇਨ੍ਹਾਂ ਸ਼ਹਿਰਾਂ ਵਿੱਚੋਂ 11 ਮੋਹਰੀ ਰਹਿਣ ਵਾਲੇ ਸ਼ਹਿਰਾਂ ਦੀ ਚੋਣ ਕੀਤੀ ਗਈ। ਉਸ ਵਿੱਚ ਚੰਡੀਗੜ੍ਹ ਦਾ ਨਾਮ ਵੀ ਸ਼ਾਮਲ ਹੈ। ਕੇਂਦਰ ਸਰਕਾਰ ਵੱਲੋਂ ਜੇਤੂਆਂ ਨੂੰ 50-50 ਲੱਖ ਰੁਪਏ ਇਨਾਮ ਦਿੱਤੇ ਜਾਣਗੇ। ਕੇਂਦਰੀ ਰਿਹਾਇਸ਼ੀ ਅਤੇ ਸ਼ਹਿਰੀ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਕੋਲ ਭੋਜਨ ਉਦਯੋਗ ਦੀ ਅਕਾਦਮਿਕ ਪੜ੍ਹਾਈ ਕਰਵਾਉਣ ਲਈ ਪੁਖਤਾ ਪ੍ਰਬੰਧ ਹਨ। ਇਸ ਲਈ ਕੇਂਦਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਭਵਿੱਖ ਵਿੱਚ ਵੀ ਇਸ ਯੋਜਨਾ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।