ਮੁਕੇਸ਼ ਕੁਮਾਰ
ਚੰਡੀਗੜ੍ਹ, 16 ਅਗਸਤ
ਆਜ਼ਾਦੀ ਦੀ 74ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਥੋਂ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਚ ਸਮਾਗਮ ਕਰਵਾਇਆ ਗਿਆ। ਕਰੋਨਾ ਮਹਾਮਾਰੀ ਕਾਰਨ ਇਸ ਵਾਰ ਮਾਰਚ ਪਾਸਟ ਨਹੀਂ ਹੋਇਆ ਤੇ ਨਾ ਹੀ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਬਹੁਤ ਘੱਟ ਲੋਕ ਹਾਜ਼ਰ ਸਨ ਅਤੇ ਪੰਡਾਲ ਬੇਰੌਣਕਾ ਲੱਗ ਰਿਹਾ ਸੀ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਕੌਮੀ ਝੰਡਾ ਲਹਿਰਾਇਆ। ਊਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਦੇ ਖ਼ਿਲਾਫ਼ ਚੱਲ ਜੰਗ ਲੰਮੀ ਚਲੇਗੀ ਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਉਪਲੱਬਧੀਆਂ ਦਾ ਵੀ ਜ਼ਿਕਰ ਕੀਤਾ। ਸਮਾਗਮ ਲਈ ਸੁਤੰਤਰਤਾ ਸੈਨਾਨੀਆਂ ਨੂੰ ਵੀ ਸੱਦਾ ਪੱਤਰ ਨਹੀਂ ਭੇਜੇ ਗਏ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਘਰ ਜਾ ਕੇ ਸਨਮਾਨਤ ਕੀਤਾ। ਸ੍ਰੀ ਬਦਨੋਰ ਨੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਸਨਮਾਨਤ ਕਰਨ ਲਈ ਉਨ੍ਹਾਂ ਦੇ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਸਮਾਜਿਕ ਫਾਸਲੇ ਦਾ ਪਾਲਣ ਕਰਦੇ ਹੋਏ ਸਬੰਧਤ ਦਫਤਰ ਵਿੱਚ ਹੀ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੌਕਡਾਊਨ ਦੌਰਾਨ ਸਹਾਇਤਾ ਕਰਨ ਵਾਲੀਆਂ ਐਨਜੀਓਜ਼ ਤੇ ਐਸੋਸੀਏਸ਼ਨਾਂ ਸਮੇਤ ਹੋਰ ਨਾਗਰਿਕਾਂ ਨੂੰ ਸਲਾਘਾ ਪੱਤਰ ਦਿੱਤੇ ਗਏ।
ਚੰਡੀਗੜ੍ਹ (ਆਤਿਸ਼ ਗੁਪਤਾ): ਚੰਡੀਗੜ੍ਹ ਕਾਂਗਰਸ ਵੱਲੋਂ ਸੈਕਟਰ-35 ਵਿੱਚ ਸਥਿਤ ਕਾਂਗਰਸ ਭਵਨ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਆਜ਼ਾਦੀ ਅਤੇ ਲੋਕਤੰਤਰ ਦੇ ਸਿਧਾਂਤ ਨੂੰ ਬਣਾਏ ਰੱਖਣ ਲਈ ਪ੍ਰੇਰਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਕਦੇ ਅੰਗਰੇਜ਼ਾ ਖ਼ਿਲਾਫ਼ ਆਵਾਜ਼ ਨਹੀਂ ਚੁੱਕੀ ਅਤੇ ਨਾ ਹੀ ਦੇਸ਼ ਦੀ ਆਜ਼ਾਦੀ ਵਿੱਚ ਕੋਈ ਯੋਗਦਾਨ ਪਾਇਆ, ਉਹ ਲੋਕ ਅੱਜ ਦੇਸ਼ ’ਤੇ ਰਾਜ ਕਰ ਰਹੇ ਹਨ ਅਤੇ ਹੋਰਨਾਂ ਨੂੰ ਦੇਸ਼ ਭਰਤੀ ਦਾ ਪ੍ਰਮਾਣ ਪੱਤਰ ਦੇ ਰਹੇ ਹਨ।
ਐਸ.ਏ.ਐਸ. ਨਗਰ (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿੱਚ ਸੂਬਾ ਪੱਧਰੀ ਆਜ਼ਾਦੀ ਦਿਹਾੜਾ ਮਨਾਇਆ ਗਿਆ ਤੇ ਕਰੋਨਾ ਦੇ ਖੌਫ਼ ਕਾਰਨ ਸਮਾਗਮ ਨੂੰ ਮਹਿਜ਼ 37 ਮਿੰਟਾਂ ਵਿੱਚ ਸਮੇਟ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵੇਰੇ 8.58 ’ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਅਸਮਾਨ ਵਿੱਚ ਗੁਬਾਰੇ ਛੱਡੇ। ਰਾਸ਼ਟਰੀ ਗੀਤ ਮਗਰੋਂ ਮੁੱਖ ਮੰਤਰੀ ਨੇ 9 ਵਜੇ ਸੰਬੋਧਨ ਕਰਨਾ ਸ਼ੁਰੂ ਕੀਤਾ ਅਤੇ 9.35 ’ਤੇ ਆਪਣਾ ਭਾਸ਼ਣ ਖ਼ਤਮ ਕਰ ਕੇ ਵਾਪਸ ਚਲੇ ਗਏ। ਸਮਾਗਮ ਦੌਰਾਨ ਸਭਿਆਚਾਰਕ ਜਾਂ ਦੇਸ਼ ਭਗਤੀ ਪ੍ਰੋਗਰਾਮ ਨਹੀਂ ਕਰਵਾਇਆ ਗਿਆ, ਨਾ ਹੀ ਮੁੱਖ ਮੰਤਰੀ ਨੇ ਓਪਨ ਜਿਪਸੀ ਵਿੱਚ ਪਰੇਡ ਦਾ ਮੁਆਇਨਾ ਕੀਤਾ ਅਤੇ ਨਾ ਹੀ ਪੁਲੀਸ ਜਵਾਨਾਂ ਨੇ ਮਾਰਚ ਪਾਸਟ ਕੀਤਾ ਸਗੋਂ ਮੰਚ ਦੇ ਸਾਹਮਣੇ ਖਾਲੀ ਗਰਾਊਂਡ ਵਿੱਚ ਇਕ ਥਾਂ ’ਤੇ ਖੜ੍ਹੇ ਹੋ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਸਟੇਜ ਉੱਤੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਿਰਫ਼ ਤਿੰਨ ਮਹਿਮਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਅਤੇ ਮਹਿਲਾ ਕਾਂਗਰਸ ਆਗੂ ਸਵਰਨਜੀਤ ਕੌਰ ਹਾਜ਼ਰ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਵਿੱਚ ਦੋ ਵੱਡੇ ਪ੍ਰਾਜੈਕਟਾਂ ਦੇ ਵਰਚੁਅਲ ਉਦਘਾਟਨ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਸੈਕਟਰ-82 ਵਿੱਚ 66 ਕੇਵੀ ਸਬਸਟੇਸ਼ਨ ਅਤੇ ਪੰਜਾਬ ਬਾਇਓ ਟੈਕਨਾਲੋਜੀ ਇਨਕਿਊਬੇਟਰ ਦੀ ਇਮਾਰਤ ਦੀ ਉਸਾਰੀ ਸ਼ਾਮਲ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਰੋਨਾ ਯੋਧਿਆਂ ਨੂੰ 26 ਜਨਵਰੀ 2021 ਨੂੰ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਮੁਹਾਲੀ ਦੇ ਸਿਵਲ ਸਰਜਨ ਮਨਜੀਤ ਸਿੰਘ ਲਿਊਕੇਮੀਆਂ ਨਾਲ ਜੂਝ ਰਹੇ ਹਨ ਪਰ ਉਹ ਆਪਣਾ ਫਰਜ਼ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਊਨ੍ਹਾਂ ਨੇ ਜ਼ਿਲ੍ਹਾ ਐਪੀਡਿਮੋਲੋਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ ਵਿੱਚ ਬਹੁਤ ਸਾਦੇ ਢੰਗ ਨਾਲ ਆਜ਼ਾਦੀ ਦਿਵਸ ਦਾ ਸਮਾਗਮ ਰਚਾਇਆ ਗਿਆ। ਇਸ ਮੌਕੇ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਪ੍ਰੋ. ਯੋਗਰਾਜ ਨੇ ਜਿੱਥੇ ਭਾਰਤ ਦੀ ਆਜ਼ਾਦੀ ਵਿੱਚ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ, ਦੇਸ਼-ਭਗਤਾਂ ਨੂੰ ਯਾਦ ਕੀਤਾ, ਉੱਥੇ ਨਾਲ ਹੀ ਕੋਵਿਡ-19 ਵਰਗੀ ਭਿਆਨਕ ਬਿਮਾਰੀ ਦੇ ਚੱਲਦਿਆਂ ਉਨ੍ਹਾਂ ਡਾਕਟਰਾਂ, ਨਰਸਾਂ ਤੇ ਹੋਰ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ।
ਕੁਰਾਲੀ (ਮਿਹਰ ਸਿੰਘ): ਸਥਾਨਕ ਨਗਰ ਕੌਂਸਲ ’ਚ ਕਾਰਜਸਾਧਕ ਅਫ਼ਸਰ ਵੀਕੇ ਜੈਨ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪੁਲੀਸ ਦੀ ਪਾਰਟੀ ਨੇ ਸਲਾਮੀ ਦਿੱਤੀ।
ਡੇਰਾਬੱਸੀ/ਜ਼ੀਰਕਪੁਰ (ਹਰਜੀਤ ਸਿੰਘ): ਸਰਕਾਰੀ ਕਾਲਜ ਵਿੱਚ ਬਲਾਕ ਪੱਧਰੀ 74ਵਾਂ ਅਜ਼ਾਦੀ ਦਿਹਾੜਾ ਸਾਦੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਐੱਸ.ਡੀ.ਐੱਮ. ਕੁਲਦੀਪ ਬਾਵਾ ਵੱਲੋਂ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਦੂਜੇ ਪਾਸੇ ਡੇਰਾਬੱਸੀ ਨਗਰ ਕੌਂਸਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੌਮੀ ਝੰਡਾ ਨਹੀਂ ਲਹਿਰਾਇਆ ਗਿਆ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਕੱਠ ਕਰਨ ਤੋਂ ਰੋਕਣ ਲਈ ਹਦਾਇਤ ਕੀਤੀ ਗਈ ਸੀ ਕਿ ਸ਼ਹਿਰ ਵਿੱਚ ਇਕ ਥਾਂ ਸਰਕਾਰੀ ਕਾਲਜ ਵਿੱਚ ਹੀ ਸਮਾਗਮ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ੀਰਕਪੁਰ ਨਗਰ ਕੌਂਸਲ ਵਿੱਚ ਕਰਵਾਏ ਸਾਦੇ ਢੰਗ ਨਾਲ ਸਮਾਗਮ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੰਦੀਪ ਤਿਵਾੜੀ ਨੇ ਕੌਮੀ ਝੰਡਾ ਲਹਿਰਾਇਆ।
ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਟਿਵਾਣਾ ’ਚ ਗਰਾਮ ਪੰਚਾਇਤ ਵਲੋਂ ਆਜ਼ਾਦੀ ਦਿਵਸ ਮਨਾਇਆ ਗਿਆ। ਸਰਕਾਰੀ ਸਕੂਲ ’ਚ ਪੜ੍ਹਦੇ ਰਾਜਵਿੰਦਰ ਸਿੰਘ, ਜਿਸ ਨੂੰ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਮਿਲਣ ’ਤੇ ਸਨਮਾਨਿਤ ਵੀ ਕੀਤਾ ਗਿਆ।
ਬਨੂੜ (ਕਰਮਜੀਤ ਸਿੰਘ ਚਿੱਲਾ): ਤਕਰੀਬਨ ਦਸ ਵਰ੍ਹਿਆਂ ਬਾਅਦ ਮਾਰਕੀਟ ਕਮੇਟੀ ਬਨੂੜ ਵੱਲੋਂ ਇਸ ਵਾਰ ਸੁਤੰਤਰਤਾ ਦਿਵਸ ਮੌਕੇ ਕਮੇਟੀ ਦੇ ਅਹਾਤੇ ਵਿੱਚ ਤਿਰੰਗਾ ਲਹਿਰਾਇਆ ਗਿਆ। ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): 74ਵਾਂ ਆਜ਼ਾਦੀ ਦਿਹਾੜੇ ਮੌਕੇ ਨਵਾਂ ਗਾਉਂ ਵਿੱਚ ਸਾਬਕਾ ਕੌਂਸਲਰ ਕੁਲਜਿੰਦਰ ਕੌਰ ਦੇ ਪਤੀ ਸਮਾਜ ਸੇਵੀ ਪ੍ਰਧਾਨ ਕੁਲਦੀਪ ਸਿੰਘ ਸਿੱਧੂ ਨੇ ਝੰਡਾ ਲਹਿਰਾਇਆ ਅਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਆਜ਼ਾਦੀ ਦਿਵਸ ਸਾਡੇ ਦੇਸ਼ ਦੀ ਏਕਤਾ, ਸਨਮਾਨ ਅਤੇ ਸਮਰਪਣ ਦਾ ਪ੍ਰਤੀਕ ਹੈ। ਸ੍ਰੀ ਗੁਪਤਾ ਅੰਬਾਲਾ ਸ਼ਹਿਰ ਦੀ ਅਨਾਜ ਮੰਡੀ ’ਚ 74ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਝੰਡਾ ਲਹਿਰਾਉਣ ਅਤੇ ਪਰੇਡ ਦੀ ਸਲਾਮੀ ਲੈਣ ਤੋਂ ਬਾਅਦ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਖੱਟਰ ਨੇ ਪੰਚਕੂਲਾ ਵਿੱਚ ਲਹਿਰਾਇਆ ਤਿਰੰਗਾ
ਪੰਚਕੂਲਾ (ਪੀ.ਪੀ. ਵਰਮਾ): ਇਥੇ ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਰਾਜ ਪੱਧਰੀ ਸੁਤੰਤਰਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਤਿੰਰਗਾ ਲਹਿਰਾਇਆ। ਪੁਲੀਸ ਜਵਾਨਾਂ ਨੇ ਮਾਰਚ ਪਾਸਟ ਦੌਰਾਨ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਮੌਕੇ ਕਰੋਨਾ ਯੋਧਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਹਰਿਆਣਾ ਵਿੱਚ ਛੇਤੀ ਹੀ ਕਰੋਨਾ ਦਾ ਖਾਤਮਾ ਹੋਵੇਗਾ। ਇਸ ਮੌਕੇ ਕਮਿਸ਼ਨਰ ਪੁਲੀਸ ਸੌਰਵ ਸਿੰਘ, ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ, ਸਿਵਲ ਸਰਜਨ ਡਾ. ਜਸਜੀਤ ਕੌਰ, ਸਿਟੀ ਮੈਜੀਸਟੇਟ ਧੀਰਜ ਚਹਿਲ, ਏਡੀਸੀ ਅਨਿਤਾ ਮਲਿਕ, ਐੱਸਡੀਐਮ ਰਿਚਾ ਰਾਠੀ ਸਣੇ ਕਈ ਸਿਆਸੀ ਨੇਤਾ ਹਾਜ਼ਰ ਸਨ। ਮੁੱਖ ਮੰਤਰੀ ਨੇ ਸੈਕਟਰ-12 ਸਥਿਤ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਊਨ੍ਹਾਂ ਨੇ ਮਾਤਾ ਮਨਸਾ ਦੇਵੀ ਜਾ ਕੇ ਸ਼੍ਰੀਮੁਕਤੀਨਾਥ ਵੇਦ ਵਿਦਿਆ ਆਸ਼ਰਮ ਸੰਸਕ੍ਰਿਤ ਗੁਰੂਕੁਲ ਦਾ ਨੀਂਹ ਪੱਥਰ ਵੀ ਰੱਖਿਆ। ਕਾਲਕਾ ਵਿੱਚ ਵੀ ਐੱਸਡੀਐਮ ਰਾਕੇਸ਼ ਸੰਧੂ ਨੇ ਕੌਮੀ ਝੰਡਾ ਲਹਿਰਾਇਆ ਅਤੇ ਕਰੋਨਾ ਯੋਧਿਆਂ ਨੂੰ ਸਨਮਾਨ ਕੀਤਾ।
ਲਲਿਤ ਜੈਨ ਨੂੰ ਮਿਲਿਆ ਸਿਵਲ ਸਰਵਸਿਜ਼ ਐਵਾਰਡ-2020
ਖਰੜ (ਸ਼ਸ਼ੀ ਪਾਲ ਜੈਨ): ਖਰੜ ਦੇ ਜੰਮਪਲ ਅਤੇ ਹਿਮਾਚਲ ਪ੍ਰਦੇਸ਼ ਦੇ ਆਈਐੱਸ ਅਧਿਕਾਰੀ ਲਲਿਤ ਜੈਨ ਨੂੰ ਹਿਮਾਚਲ ਸਰਕਾਰ ਵੱਲੋਂ ਸਿਵਲ ਸਰਵਸਿਜ਼ ਐਵਾਰਡ-2020 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਕੱਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੱਲੋਂ ਕੁੱਲੂ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਰਾਜ ਪੱਧਰ ਦੇ ਆਯੋਜਿਤ ਸਮਾਗਮ ਵਿੱਚ ਦਿੱਤਾ ਗਿਆ। ਸ੍ਰੀ ਜੈਨ ਨੂੰ ਇਹ ਐਵਾਰਡ ਜਦੋਂ ਉਹ ਸਿਰਮੌਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤਾਂ ਉਨ੍ਹਾਂ ਵੱਲੋਂ ਰੁੱਖਾਂ ਦੇ ਪੱਤਿਆਂ ਤੋਂ ਬਣਾਈ ਜਾਣ ਵਾਲੀ ਪੱਤਲ ਯੋਜਨਾ ਨੂੰ ਜੰਗੀ ਪੱਧਰ ’ਤੇ ਚਲਾਉਣ ਲਈ ਦਿੱਤਾ ਗਿਆ। ਉਥੇ ਹੀ ਖਰੜ ਦੀ ਅਨਾਜ ਮੰਡੀ ਵਿੱਚ ਆਜ਼ਾਦੀ ਦਿਹਾੜੇ ਮੌਕੇ ਉੱਪ ਮੰਡਲ ਅਫਸਰ ਹਿਮਾਂਸ਼ੂ ਜੈਨ ਵੱਲੋਂ ਝੰਡਾ ਲਹਿਰਾਇਆ ਗਿਆ।
ਚੰਡੀਗੜ੍ਹ ਦੇ ਮੇਅਰ ਨੇ ਸੈਕਟਰ-17 ’ਚ ਤਿਰੰਗਾ ਲਹਿਰਾਇਆ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਵਲੋਂ 15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਇਥੇ ਸੈਕਟਰ-17 ਸਥਿਤ ਨਿਗਮ ਭਵਨ ਵਿੱਚ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਨੇ ਕੌਮੀ ਝੰਡਾ ਲਹਿਰਾਇਆ ਅਤੇ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਸਬੰਧੀ ਵਧਾਈ ਦਿੱਤੀ।
ਅਰੁਣ ਸੂਦ ਨੇ ਪਾਰਟੀ ਦਫ਼ਤਰ ’ਚ ਆਜ਼ਾਦੀ ਦਿਹਾੜਾ ਮਨਾਇਆ
ਚੰਡੀਗੜ੍ਹ (ਟਨਸ): ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਸੈਕਟਰ-33 ਵਿੱਚ ਸਥਿਤ ਪਾਰਟੀ ਦਫ਼ਤਰ ਕਮਲਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।