ਆਤਿਸ਼ ਗੁਪਤਾ
ਚੰਡੀਗੜ੍ਹ, 27 ਅਗਸਤ
ਚੰਡੀਗੜ੍ਹ ਵਿੱਚ ਨਿੱਤ ਵਧ ਰਹੇ ਕਰੋਨਾਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਹੋਰ ਸੂਬਿਆਂ ਦੀਆਂ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੀਆਂ ਸੜਕਾਂ ’ਤੇ ਹੋਰ ਸੂਬਿਆਂ ਦੀਆਂ ਬੱਸਾਂ ਬਗ਼ੈਰ ਕਿਸੇ ਰੋਕ-ਟੋਕ ਤੋਂ ਦੌੜ ਰਹੀਆਂ ਹਨ। ਪੁਲੀਸ ਵੱਲੋਂ ਸ਼ਹਿਰ ਦੇ ਦਾਖਲਾ ਪੁਆਇੰਟ ’ਤੇ ਵੀ ਬੱਸ ਨੂੰ ਰੋਕਿਆ ਨਹੀਂ ਜਾ ਰਿਹਾ ਅਤੇ ਉਹ ਸ਼ਹਿਰ ਵਿੱਚ ਦਾਖਲ ਹੋ ਰਹੀਆਂ ਹਨ। ਅੱਜ ਸਵੇਰੇ ਪੌਣੇ 12 ਵਜੇ ਦੇ ਕਰੀਬ ਰਾਜਸਥਾਨ ਦੀ ਵੋਲਵੋ ਬੱਸ ਮੁਹਾਲੀ ਵਾਲੇ ਪਾਸੇ ਤੋਂ ਚੰਡੀਗੜ੍ਹ ਵਿੱਚ ਦਾਖਲ ਹੋਈ। ਇਹ ਬੱਸ ਮੁਹਾਲੀ ਦੀ ਏਅਰਪੋਰਟ ਰੋਡ ਤੋਂ ਬਗ਼ੈਰ ਕਿਸੇ ਚੈਕਿੰਗ ਤੋਂ ਸ਼ਹਿਰ ਵਿੱਚੋਂ ਹੁੰਦੀ ਹੋਈ ਚੰਡੀਗੜ੍ਹ ਵਿੱਚ ਦਾਖਲ ਹੋਈ। ਇਹ ਬੱਸ ਬਾਅਦ ਵਿੱਚ ਸੈਕਟਰ-43 ਚੰਡੀਗੜ੍ਹ ਵੱਲ ਮੁੜ ਗਈ। ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਦੀ ਬੱਸਾਂ ਵੀ ਚੰਡੀਗੜ੍ਹ ਵਿੱਚ ਆਵਾਜਾਈ ਕਰਦੀਆਂ ਵਿਖਾਈ ਦਿੱਤੀਆਂ, ਜਿਸ ‘ਤੇ ਫਾਜ਼ਿਲਕਾ ਤੋਂ ਚੰਡੀਗੜ੍ਹ ਦਾ ਰੂਟ ਬੋਰਡ ਲੱਗਿਆ ਹੋਇਆ ਸੀ। ਰਾਹ ਵਿੱਚ ਲੱਗੇ ਨਾਕਿਆਂ ’ਤੇ ਬੱਸ ਨੂੰ ਰੋਕਿਆ ਨਹੀਂ ਗਿਆ। ਇਸ ਦੇ ਬਾਵਜੂਦ ਸੀਟੀਯੂ ਦੇ ਡਾਇਰੈਕਟਰ ਉਮਾ ਸ਼ੰਕਰ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਬੱਸ ਅੱਡੇ ‘ਤੇ ਕੋਈ ਬਾਹਰੀ ਬੱਸ ਦਾਖਲ ਨਹੀਂ ਹੋ ਰਹੀ। ਇਸ ਸਬੰਧੀ ਸਟੇਟ ਅਥਾਰਟੀ ਦੇ ਸਕੱਤਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਬਾਹਰੀ ਬੱਸਾਂ ਦੇ ਚੰਡੀਗੜ੍ਹ ਵਿੱਚ ਦਾਖਲੇ ‘ਤੇ ਪਾਬੰਦੀਹੈ ਅਤੇ ਜੇ ਕੋਈ ਬਾਹਰੀ ਬੱਸਾਂ ਸ਼ਹਿਰ ਵਿੱਚ ਦਾਖਲ ਹੁੰਦੀ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ।