ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਨਵੰਬਰ
ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ 3 ਦਸੰਬਰ ਨੂੰ ਸਾਲਾਨਾ ਗੁਰਮਤਿ ਸਮਾਗਮ ਅਤੇ ਮੈਗਾ ਖੂਨਦਾਨ ਕੈਂਪ ਲਗਾਇਆ ਜਾਵੇਗਾ। ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਾਲਾਨਾ ਸਮਾਗਮ ਨੂੰ ਸਮਰਪਿਤ 2 ਦਸੰਬਰ ਨੂੰ ਸਵੇਰੇ ਸਾਢੇ 5 ਵਜੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਦੇ ਤੱਪ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਹੰਸਾਲੀ ਤੱਕ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਜਾਵੇਗੀ।
ਉਨ੍ਹਾਂ ਦੱਸਿਆ ਕਿ 3 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਜਾਰੀ ਰਹੇਗਾ, ਜਿਸ ਵਿੱਚ ਸ਼੍ਰੋਮਣੀ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਲੁਧਿਆਣਾ ਵਾਲੇ, ਭਾਈ ਮਹਿਲ ਸਿੰਘ ਦਾ ਕਵੀਸ਼ਰੀ ਜਥਾ, ਬੀਬੀ ਦਲੇਰ ਕੌਰ ਖਾਲਸਾ ਦਾ ਢਾਡੀ ਜਥਾ, ਭਾਈ ਗੁਰਪ੍ਰੀਤ ਸਿੰਘ ਦਾ ਢਾਡੀ ਜਥਾ, ਮੀਰੀ ਪੀਰੀ ਖਾਲਸਾ ਕੀਰਤਨੀ ਜਥਾ ਜਗਾਧਰੀ ਵਾਲੇ ਅਤੇ ਹੋਰ ਉੱਚ ਕੋਟੀ ਦੇ ਪੰਥ ਪ੍ਰਚਾਰਕ, ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ ਜਾਵੇਗਾ।