ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਸਤੰਬਰ
ਕੇਂਦਰ ਨੇ ਯੂਟੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਈਡਬਲਿਊਐੱਸ ਵਿਦਿਆਰਥੀਆਂ ਦੀ ਐਂਟਰੀ ਲੈਵਲ ਤੋਂ ਇਲਾਵਾ ਵੱਡੀਆਂ ਜਮਾਤਾਂ ਲਈ ਰਾਸ਼ੀ ਅਦਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ ਨੂੰ ਪ੍ਰਤੀ ਵਿਦਿਆਰਥੀ ਦੀ ਅਦਾਇਗੀ ਦੀ ਰਕਮ ਲਈ ਸਕੂਲਾਂ ਤੋਂ ਵੇਰਵੇ ਮੰਗੇ ਹਨ। ਵਿਭਾਗ ਨੇ ਨਿੱਜੀ ਸਕੂਲਾਂ ਤੋਂ ਸੈਸ਼ਨ 2018-19 ਤੋਂ ਹੁਣ ਤਕ ਈਡਬਲਿਊਐਸ ਵਿਦਿਆਰਥੀਆਂ ਦਾ ਰਿਕਾਰਡ ਮੰਗਿਆ ਹੈ। ਇਸ ਦੇ ਨਾਲ ਹੀ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੇ 2010-11 ਤੋਂ 2017-18 ਤਕ ਦਾ ਰਿਕਾਰਡ ਵੀ ਸਾਲ ਦਰ ਸਾਲ ਦੇਣ ਲਈ ਕਿਹਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਵੱਲੋਂ ਅੱਠਵੀਂ ਜਮਾਤ ਤਕ ਦੇ ਈਡਬਲਿਊਐੱਸ ਵਿਦਿਆਰਥੀਆਂ ਲਈ ਹਰ ਰਾਜ ਨੂੰ ਅਦਾਇਗੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹਰ ਰਾਜ ਜਾਂ ਯੂਟੀ ਵਲੋਂ ਆਪਣੇ ਖੇਤਰ ਦੇ ਨਿੱਜੀ ਸਕੂਲਾਂ ਨੂੰ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਭੁਗਤਾਨ ਕੀਤਾ ਜਾਂਦਾ ਹੈ। ਚੰਡੀਗੜ੍ਹ ਵਿਚ ਈਡਬਲਿਊਐੱਸ ਵਿਦਿਆਰਥੀਆਂ ਨੂੰ ਸਿਰਫ ਐਂਟਰੀ ਲੈਵਲ ਜਮਾਤ ਦਾ ਭੁਗਤਾਨ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਵਾਲੀਆਂ ਜਮਾਤਾਂ ਲਈ ਕੇਂਦਰ ਨੇ ਰਾਸ਼ੀ ਜਾਰੀ ਨਹੀਂ ਕੀਤੀ ਸੀ ਪਰ ਹੁਣ ਕੇਂਦਰ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਯੂਟੀ ਨੇ ਇਸ ਸਬੰਧੀ ਵੇਰਵੇ ਮੰਗ ਲਏ ਹਨ। ਇਹ ਵੇਰਵੇ ਰਾਈਟ ਟੂ ਐਜੂਕੇਸ਼ਨ ਐਕਟ ਸ਼ੁਰੂ ਹੋਣ ਤੋਂ ਬਾਅਦ ਮੰਗੇ ਗਏ ਹਨ। ਇਸ ਤਹਿਤ 38 ਪ੍ਰਾਈਵੇਟ ਸਕੂਲਾਂ ਤੋਂ ਅਗਲੇ ਹਫਤੇ ਤਕ ਦਾ ਰਿਕਾਰਡ ਮੰਗਿਆ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਮੰਗੇ ਗਏ ਵੇਰਵੇ
ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਐਂਟਰੀ ਲੈਵਲ ਜਮਾਤਾਂ ਦੇ ਵਿਦਿਆਰਥੀਆਂ ਦੀ ਗਿਣਤੀ, ਉਸ ਵਿਚ ਈਡਬਲਿਊਐੱਸ ਵਿਦਿਆਰਥੀਆਂ ਦੀ ਗਿਣਤੀ, ਕਿੰਨੇ ਵਿਦਿਆਰਥੀ ਉਸ ਤੋਂ ਅਗਲੀ ਜਮਾਤ ਵਿਚ ਗਏ ਹਨ, ਉਸ ਜਮਾਤ ਵਿਚ ਆਮ ਵਿਦਿਆਰਥੀ ਦੀ ਫੀਸ, ਈਡਬਲਿਊਐੱਸ ਵਿਦਿਆਰਥੀ ’ਤੇ ਪ੍ਰਤੀ ਮਹੀਨਾ ਖਰਚੀ ਰਕਮ, ਈਡਬਲਿਊਐੱਸ ਤੋਂ ਇਲਾਵਾ ਲੈਂਡ ਅਲਾਟਮੈਂਟ ਸ਼ਰਤਾਂ ਤਹਿਤ ਦਿੱਤੀ ਗਈ ਰਿਜ਼ਰਵੇਸ਼ਨ ਦਾ ਵੇਰਵਾ ਵੀ ਮੰਗਿਆ ਹੈ। ਦੱਸਣਯੋਗ ਹੈ ਕਿ ਵਿਭਾਗ ਵਲੋਂ ਈਡਬਲਿਊਐੱਸ ਵਿਦਿਆਰਥੀ ਲਈ ਸਾਲ 2012-13 ਵਿਚ ਪ੍ਰਤੀ ਵਿਦਿਆਰਥੀ 750 ਰੁਪਏ, ਸਾਲ 2013-14 ਲਈ 1196 ਰੁਪਏ, ਸਾਲ 2014-15 ਲਈ 1370 ਰੁਪਏ, 2015-16 ਲਈ 1767, 2016-17 ਲਈ 2197 ਤੇ 2017-18 ਲਈ 2348 ਰੁਪਏ ਅਦਾਇਗੀ ਕੀਤੀ ਗਈ ਹੈ।