ਕੁਲਦੀਪ ਸਿੰਘ
ਚੰਡੀਗੜ੍ਹ, 7 ਜੁਲਾਈ
ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.) ਚੰਡੀਗੜ੍ਹ ਦੇ 59ਵੇਂ ਸਥਾਪਨਾ ਦਿਵਸ ਮੌਕੇ ਅੱਜ ਇੱਥੋਂ ਦੇ ਭਾਰਗਵਾ ਆਡੀਟੋਰੀਅਮ ਵਿੱਚ ਸਮਾਗਮ ਕਰਵਾਇਆ ਗਿਆ। ਆਪਣੀ ਬੇਟੀ ਦੀਯਾ ਬਜਾਜ ਦੇ ਨਾਲ ਮਾਊਂਟ ਐਵਰੈਸਟ ਪਰਬਤ ਉਤੇ ਚੜ੍ਹਨ ਵਾਲੀ ਪਹਿਲੇ ਭਾਰਤੀ ਪਿਓ ਅਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ’ ਦੇ ਬਰਾਂਡ ਅੰਬੈਸਡਰ ਪਦਮਸ੍ਰੀ ਅਜੀਤ ਬਜਾਜ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਪਤਨੀ ਸ਼ਿਰਲੇ ਬਜਾਜ ਵੀ ਨਾਲ ਮੌਜੂਦ ਸਨ ਅਤੇ ਬੇਟੀ ਦੀਯਾ ਬਜਾਜ ਨੇ ਵਰਚੂਅਲ ਢੰਗ ਨਾਲ ਸ਼ਮੂਲੀਅਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਬਜਾਜ ਨੇ ਕਿਹਾ ਕਿ ਵਧੀਆ ਪਾਲਣ-ਪੋਸ਼ਣ ਅਤੇ ਪੂਰਨ ਸਹਿਯੋਗ ਨਾਲ ਸਾਡੀਆਂ ਧੀਆਂ ਕਿਸੇ ਵੀ ਉਚਾਈ ਨੂੰ ਹਾਸਲ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਪੀ.ਜੀ.ਆਈ. ਦੇ 26 ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਯਾਦਗਾਰੀ ਚਿੰਨ੍ਹਾਂ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿੱਚ ਡੀਨ ਅਕਾਦਮਿਕ ਪ੍ਰੋ. ਆਰ.ਕੇ. ਸ਼ਰਮਾ, ਡੀਨ ਰਿਸਰਚ ਪ੍ਰੋ. ਕੇ. ਗਾਬਾ ਅਤੇ ਪ੍ਰੋ. ਰਾਕੇਸ਼ ਸਹਿਗਲ, ਪ੍ਰੋ. ਵਾਈ.ਕੇ. ਚਾਵਲਾ ਅਤੇ ਸਾਬਕਾ ਡਾਇਰੈਕਟਰ ਪ੍ਰੋ. ਜਗਤ ਰਾਮ ਵੀ ਹਾਜ਼ਰ ਸਨ।