ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਜਨਵਰੀ
ਆਈਆਈਐੱਮ ਵੱਲੋਂ ਸਾਂਝੀ ਦਾਖਲਾ ਪ੍ਰੀਖਿਆ (ਕੈਟ) ਦੇ ਨਤੀਜੇ ਵਿਚ ਟਰਾਈਸਿਟੀ ਦੇ ਲਗਪਗ ਤਿੰਨ ਵਿਦਿਆਰਥੀਆਂ ਨੇ ਮਾਅਰਕਾ ਮਾਰਿਆ ਹੈ। ਇਸ ਸਬੰਧੀ ਨਤੀਜਾ ਬੀਤੇ ਦਿਨ ਐਲਾਨਿਆ ਗਿਆ ਸੀ। ਇਸ ਪ੍ਰੀਖਿਆ ਵਿਚ ਕਸ਼ਿਤਿਜ ਗਰਗ ਨੇ 99.61 ਪਰਸਨਟਾਈਲ ਹਾਸਲ ਕਰ ਕੇ ਟੌਪ ਕੀਤਾ ਜਦਕਿ ਸਰਗਮ ਬਾਂਸਲ ਦੇ 99.17 ਤੇ ਹਿਮਾਨੀ ਦੇ 99.05 ਪਰਸਨਟਾਈਲ ਆਏ ਹਨ। ਇਸ ਵਾਰ ਬੀ ਸਕੂਲਾਂ ਵਲੋਂ ਇੰਟਰਵਿਊ ਆਨਲਾਈਨ ਲਈ ਜਾਵੇਗੀ।
ਕਸ਼ਿਤਿਜ ਨੇ ਦੱਸਿਆ ਕਿ ਉਸ ਨੇ ਇਹ ਪ੍ਰਾਪਤੀ ਮੌਕ ਟੈਸਟ ਦੀ ਤਿਆਰੀ ਕਰ ਕੇ ਕੀਤੀ ਹੈ। ਉਸ ਨੇ ਦੱਸਿਆ ਕਿ ਕਰੋਨਾ ਕਾਰਨ ਜ਼ਿਆਦਾਤਰ ਵਿਦਿਆਰਥੀ ਤਣਾਅ ਵਿਚ ਸਨ ਪਰ ਉਸ ਨੇ ਤਣਾਅ ਨੂੰ ਹਾਵੀ ਨਹੀਂ ਹੋਣ ਦਿੱਤਾ। ਪੰਜਾਬ ਇੰਜਨੀਅਰਿੰਗ ਕਾਲਜ ਤੋਂ ਪੜ੍ਹਾਈ ਕਰ ਰਹੀ ਸਰਗਮ ਨੇ ਦੱਸਿਆ ਕਿ ਇਸ ਵਾਰ ਕੈਟ ਪ੍ਰੀਖਿਆ ਵਿਚ ਕਾਫੀ ਬਦਲਾਅ ਕੀਤਾ ਗਿਆ ਤੇ ਕੁਝ ਸਮਾਂ ਪਹਿਲਾਂ ਵਿਦਿਆਰਥੀਆਂ ਨੂੰ ਪਤਾ ਨਹੀਂ ਸੀ ਕਿ ਕੀ-ਕੀ ਬਦਲਾਅ ਹੋਣਗੇ ਪਰ ਉਸ ਨੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਮਾਅਰਕਾ ਮਾਰਿਆ। ਉਸ ਨੇ ਪ੍ਰੀਖਿਆ ਦੀ ਤਿਆਰੀ ਜਾਰੀ ਰੱਖੀ ਤੇ ਮੈਨੇਜਮੈਂਟ ਸਬੰਧੀ ਹਰ ਪੱਖ ਨੂੰ ਜਾਣਨ ਦੀ ਕੋਸ਼ਿਸ਼ ਕੀਤੀ।
ਚੰਡੀਗੜ੍ਹ ਦੇ ਸੈਕਟਰ-32 ਦੇ ਜੀਜੀਡੀ ਐੱਸਡੀ ਕਾਲਜ ਦੀ ਵਿਦਿਆਰਥਣ ਹਿਮਾਨੀ ਨੇ ਪੜ੍ਹਾਈ ਦੇ ਨਾਲ-ਨਾਲ ਯੋਗ ਨੂੰ ਵੀ ਮਹੱਤਵ ਦਿੱਤਾ। ਉਸ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਤਿਆਰੀ ਕਰਨ ਨਾਲ ਕੋਈ ਵੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਬੁਲਜ਼ ਆਈ ਦੇ ਡਾਇਰੈਕਟਰ ਹਿਰਦੇਸ਼ ਮਦਾਨ ਨੇ ਦੱਸਿਆ ਕਿ ਇਸ ਵਾਰ ਕਰੋਨਾ ਕਾਰਨ ਕੈਟ ਪ੍ਰੀਖਿਆ ਦੇਣ ਵਾਲਿਆਂ ਦੀ ਗਿਣਤੀ ਘਟੀ ਹੈੇ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦਾ ਅੰਤਿਮ ਨਤੀਜਾ ਤਿਆਰ ਕਰਨ ਿਵਚ ਕਈ ਦਿਨ ਲਗਦੇ ਹਨ। ਇਸ ਕਰ ਕੇ ਟੌਪਰਾਂ ਦੀ ਗਿਣਤੀ ਅਗਲੇ ਿਦਨਾਂ ਵਿਚ ਵਧ ਸਕਦੀ ਹੈ। ਸ੍ਰੀ ਮਦਾਨ ਨੇ ਕਿਹਾ ਕਿ ਦੇਸ਼ ਦੇ ਬੀ-ਸਕੂਲਾਂ ਵਿਚ ਇਸ ਸਬੰਧੀ ਇੰਟਰਵਿਊਜ਼ ਫਰਵਰੀ ਜਾਂ ਮਾਰਚ ਵਿਚ ਹੁੰਦੀ ਰਹੀ ਹੈ ਪਰ ਇਸ ਵਾਰ ਕਈ ਬੀ-ਸਕੂਲ ਆਨਲਾਈਨ ਇੰਟਰਵਿਊਜ਼ ਲੈਣਗੇ। ਕੈਟ ਪ੍ਰੀਖਿਆ 29 ਨਵੰਬਰ ਨੂੰ ਹੋਈ ਸੀ ਜਿਸ ਲਈ 2.30 ਲੱਖ ਵਿਦਿਆਰਥੀ ਰਜਿਸਟਰਡ ਹੋਏ ਸਨ।