ਪੱਤਰ ਪ੍ਰੇਰਕ
ਖਰੜ, 19 ਨਵੰਬਰ
ਨਜ਼ਦੀਕੀ ਪਿੰਡ ਹਸਨਪੁਰ ਵਿੱਚ ਦੋ ਦਿਨ ਪਹਿਲਾਂ ਸੱਤ ਸਾਲਾਂ ਦੀ ਬੱਚੀ ਹਰਮਨ ਕੌਰ ਟੋਭੇ ਵਿਚ ਡੁੱਬ ਕੇ ਮਰ ਗਈ ਸੀ। ਇਸ ਮੌਤ ਸਬੰਧੀ ਖਰੜ ਸਦਰ ਪੁਲੀਸ ਨੇ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਂ ਵਿਰੁੱਧ ਧਾਰਾ 304-ਏ ਅਤੇ 34 ਆਈਪੀਸੀ ਅਧੀਨ ਕੇਸ ਦਰਜ ਕੀਤਾ ਹੈ। ਹਰਮਨ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਰਮੀ ਵਿਚ ਬਤੌਰ ਹੌਲਦਾਰ ਨੌਕਰੀ ਕਰਦਾ ਹੈ। ਉਸ ਦੀ ਲੜਕੀ ਘਰ ਤੋਂ ਸਾਈਕਲ ਚਲਾਉਂਦੀ ਹੋਈ ਨਿਕਲੀ ਸੀ। ਜਦੋਂ ਉਹ ਟੋਭੇ ਕੋਲ ਪੁੱਜੀ ਤਾਂ ਟੋਭੇ ਦੀ ਕੰਧ ਟੋਭੇ ਵਿਚ ਡਿੱਗੀ ਹੋਈ ਸੀ ਜਿਸ ਕਾਰਨ ਬੱਚੀ ਡੁੱਬ ਗਈ ਅਤੇ ਉਸ ਦੀ ਮੌਤ ਹੋ ਗਈ।
ਉਸ ਨੇ ਪੁਲੀਸ ਨੂੰ ਦੱਸਿਆ ਕਿ ਲਗਭਗ ਅੱਠ ਮਹੀਨੇ ਪਹਿਲਾਂ ਸਰਪੰਚ ਸੁਰਿੰਦਰ ਸਿੰਘ ਨੇ ਇਸ ਟੋਭੇ ਦੀ ਜੇਸੀਬੀ ਮਸ਼ੀਨ ਨਾਲ ਸਫਾਈ ਕਰਵਾਈ ਸੀ। ਇਸ ਮਸ਼ੀਨ ਨੂੰ ਟੋਭੇ ਵਿਚ ਵਾੜਨ ਲਈ ਕੰਧ ਤੋੜੀ ਗਈ ਸੀ। ਇਹ ਕੰਧ ਮੇਨ ਗਲੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ। ਉਸ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਪਿੰਡ ਦੀ ਪੰਚਾਇਤ ਵੱਲੋਂ ਟੋਭੇ ਦੀ ਕੰਧ ਨੂੰ ਤੋੜਨ ਅਤੇ ਮੁੜ ਨਾ ਬਣਾਉਣ ਕਾਰਨ ਵਾਪਰਿਆ ਹੈ। ਉਸ ਨੇ ਦੱਸਿਆ ਕਿ ਟੋਭੇ ਦੀ ਡੂੰਘਾਈ 25 ਫੁੱਟ ਹੋਣ ਕਰਕੇ ਬੜੀ ਮੁਸ਼ਕਿਲ ਨਾਲ ਪਾਣੀ ਵਿਚੋਂ ਲੜਕੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਉਸ ਨੇ ਮੰਗ ਕੀਤੀ ਸੀ ਕਿ ਸਰਪੰਚ ਸੁਰਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।