ਜਗਮੋਹਨ ਸਿੰਘ
ਘਨੌਲੀ, 27 ਅਪਰੈਲ
ਪੁਲੀਸ ਚੌਕੀ ਭਰਤਗੜ੍ਹ ਵੱਲੋਂ ਬੀਤੇ ਦਿਨੀਂ ਇੱਕ ਪੋਕਲੇਨ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੇ ਅਣਪਛਾਤੇ ਮਾਲਕ ਖ਼ਿਲਾਫ਼ ਕੇਸ ਦਰਜ ਕਰਨ ਦਾ ਮਾਮਲਾ ਭਖ਼ ਗਿਆ ਹੈ। ਇਲਾਕੇ ਦੇ ਮੋਹਤਬਰਾਂ ਨੇ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਾਇਆ ਹੈ। ਪਿੰਡ ਮਾਜਰੀ ਗੁੱਜਰਾਂ ਦੇ ਬੰਦ ਪਏ ਸਟੋਨ ਕਰੱਸ਼ਰ ਤੇ ਖੜ੍ਹੀ ਪੋਕਲੇਨ ਮਸ਼ੀਨ ਵਿਖਾਉਂਦਿਆਂ ਪਿੰਡ ਆਸਪੁਰ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ, ਪਿੰਡ ਮਾਜਰੀ ਦੇ ਨੰਬਰਦਾਰ ਰਾਮ ਕਿਸ਼ਨ, ਪੰਚ ਜਰਨੈਲ ਸਿੰਘ ਮਾਜਰੀ, ਹਰਵਿੰਦਰ ਸਿੰਘ ਬਿੰਦਾ, ਜਸਵੀਰ ਸਿੰਘ, ਅਮਨਦੀਪ ਸਿੰਘ ਅਤੇ ਅਮਰ ਚੰਦ ਬਾਂਠ ਆਦਿ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਵਾਨਿਤ ਪਿੰਡ ਆਸਪੁਰ ਕੋਟਬਾਲਾ ਡੀ-ਸਿਲਟਿੰਗ ਸਾਈਟ ਦਾ ਕੰਮ ਕੁੱਝ ਦਿਨ ਪਹਿਲਾਂ ਖਣਨ ਵਿਭਾਗ ਦੇ ਠੇਕੇਦਾਰ ਦਾ ਲਾਇਸੈਂਸ ਮੁਲਤਵੀ ਕੀਤੇ ਜਾਣ ਕਾਰਨ ਬੰਦ ਹੋ ਗਿਆ ਸੀ। ਇਸ ਦੌਰਾਨ ਠੇਕੇਦਾਰ ਵੱਲੋਂ ਖਣਨ ਲਈ ਕਿਰਾਏ ’ਤੇ ਲਈ ਮਸ਼ੀਨ ਦੇ ਮਾਲਕ ਨੇ ਆਪਣੀ ਮਸ਼ੀਨ ਬੰਦ ਪਏ ਸਟੋਨ ਕਰੱਸ਼ਰ ’ਤੇ ਇਸ ਉਮੀਦ ਨਾਲ ਖੜ੍ਹੀ ਕਰ ਦਿੱਤੀ ਕਿ ਲਾਇਸੈਂਸ ਬਹਾਲ ਹੋਣ ’ਤੇ ਉਹ ਕੰਮ ਮੁੜ ਸ਼ੁਰੂ ਕਰ ਦੇਣਗੇ। ਮੋਹਤਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਚੱਲਿਆ ਹੈ ਕਿ ਪੁਲੀਸ ਨੇ ਪੋਕਲੇਨ ਮਸ਼ੀਨ ਖੜ੍ਹੀ ਹੋਣ ਦੇ ਬਾਵਜੂਦ ਗੈਰਕਾਨੂੰਨੀ ਖਣਨ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਕੇਸ ਦੀ ਜਾਂਚ ਕਰਨ ਅਤੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਐੱਸਆਈ ਅਵਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਜੂਨੀਅਰ ਇੰਜਨੀਅਰ ਕਮ ਖਣਨ ਇੰਸਪੈਕਟਰ ਜਲ ਨਿਕਾਸ ਕਮ ਖਣਨ ਉਪ ਮੰਡਲ ਰੂਪਨਗਰ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਹੈ। ਉਧਰ, ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਾਜ਼ਾ ਖਣਨ ਬਾਰੇ ਪੁਲੀਸ ਨੇ ਹੀ ਫੋਨ ਕੀਤਾ ਸੀ।