ਅਜੈ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 4 ਜੂਨ
ਪਿੰਡ ਮਾਨਪੁਰ ਖੰਟ ਕੋਲ ਬੀਤੇ ਦਿਨੀਂ ਭੇਤਭਰੀ ਹਾਲਤ ’ਚ 23 ਸਾਲਾ ਨੌਜਵਾਨ ਇਸ਼ਮਿੰਦਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ’ਚ ਪੁਲੀਸ ਵੱਲੋਂ ਕਥਿਤ ਸ਼ਰਾਬ ਠੇਕੇਦਾਰ ਰਵਿੰਦਰ ਸਿੰਘ ਉਰਫ ਅਸ਼ੋਕ ਅਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਪਿਤਾ ਸ਼ਿਵੰਦਰਪਾਲ ਸਿੰਘ ਵਾਸੀ ਤ੍ਰਿਪੜੀ (ਪਟਿਆਲਾ) ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਲੜਕਾ ਇਸ਼ਮਿੰਦਰ ਸਿੰਘ ਦਵਾਈਆਂ ਸਪਲਾਈ ਕਰਨ ਦੇ ਕਾਰੋਬਾਰ ਸਬੰਧੀ ਲੰਘੀ ਪਹਿਲੀ ਜੂਨ ਨੂੰ ਦੁਪਹਿਰ ਵੇਲੇ ਆਪਣੀ ਵਰਨਾ ਕਾਰ ਲੈ ਕੇ ਨਵਾਂਸ਼ਹਿਰ ਗਿਆ ਸੀ। ਉਸ ਨੇ ਰਾਤ ਨੂੰ 8.30 ਵਜੇ ਫੋਨ ਕਰ ਕੇ ਦੱਸਿਆ ਸੀ ਕਿ ਉਹ ਨਵਾਂਸ਼ਹਿਰ ਤੋਂ ਵਾਪਸ ਆ ਰਿਹਾ ਹੈ। ਉਪਰੰਤ ਉਨ੍ਹਾਂ ਨੂੰ ਰਾਤ ਕਰੀਬ 12 ਵਜੇ ਪਤਾ ਲੱਗਾ ਕਿ ਇਸ਼ਮਿੰਦਰ ਸਿੰਘ ਦੀ ਵਰਨਾ ਕਾਰ ਮਾਨਪੁਰ ਨੇੜੇ ਸੜਕ ’ਤੇ ਖੜ੍ਹੀ ਹੈ ਅਤੇ ਉਹ ਗੱਡੀ ’ਚ ਮ੍ਰਿਤਕ ਪਿਆ ਹੈ ਇਸ ’ਤੇ ਉਹ ਰਿਸ਼ਤੇਦਾਰ ਸਮੇਤ ਮਾਨਪੁਰ ਪਹੁੰਚੇ ਤਾਂ ਦੇਖਿਆ ਕਿ ਕਾਰ ਅੰਦਰੋਂ ਬੰਦ ਸੀ ਅਤੇ ਸਟਾਰਟ ਖੜ੍ਹੀ ਸੀ ਤੇ ਮੌਕੇ ’ਤੇ ਮੌਜੂਦ ਪੁਲੀਸ ਪਾਰਟੀ ਨੇ ਉਨ੍ਹਾਂ ਦੀ ਹਾਜ਼ਰੀ ’ਚ ਕਾਰ ਦਾ ਸ਼ੀਸ਼ਾ ਤੋੜਿਆ ਤਾਂ ਇਸ਼ਮਿੰਦਰ ਨੇ ਹੱਥ ’ਚ ਉਸ ਦਾ ਲਾਇਸੈਂਸੀ ਪਿਸਤੌਲ ਫੜਿਆ ਹੋਇਆ ਸੀ। ਉਸ ਦੇ ਸਿਰ ਦੇ ਸੱਜੇ ਪਾਸੇ ਪੁੜਪੁੜੀ ’ਚ ਗੋਲੀ ਲੱਗੀ ਹੋਈ ਸੀ, ਜਿਸ ਤੋਂ ਬਾਅਦ ਇਸ਼ਮਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਕਾਰ ’ਚੋਂ ਕੱਢ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਆਂਦਾ ਗਿਆ।
ਇਸ ਸਬੰਧ ’ਚ ਪੁਲੀਸ ਵੱਲੋਂ ਬਿਆਨਾਂ ਦੇ ਆਧਾਰ ’ਤੇ 2 ਜੂਨ ਨੂੰ ਅਧੀਨ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ ਸੀ।
ਸ਼ਿਵੰਦਰਪਾਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਤੌਰ ’ਤੇ ਪਤਾ ਕੀਤਾ ਹੈ ਕਿ ਨਵਾਂਸ਼ਹਿਰ ਤੋਂ ਹੀ ਇੱਕ ਕਾਲੇ ਰੰਗ ਦੀ ਥਾਰ ਜੀਪ ’ਚ ਸਵਾਰ ਅਣਪਛਾਤੇ ਵਿਅਕਤੀ ਇਸ਼ਮਿੰਦਰ ਸਿੰਘ ਦੀ ਕਾਰ ਦੇ ਪਿੱਛੇ ਲੱਗ ਗਏ ਸਨ ਤੇ ਉਕਤ ਥਾਰ ਜੀਪ ਸਵਾਰ ਰਵਿੰਦਰ ਸਿੰਘ ਉਰਫ ਅਸ਼ੋਕ ਵਾਸੀ ਹੁਸ਼ਿਆਰਪੁਰ ਜੋ ਕਿ ਪੂਨਮ ਸੰਧੂ ਐਂਡ ਕੰਪਨੀ ਸ਼ਰਾਬ ਦਾ ਠੇਕੇਦਾਰ ਹੈ, ਵੱਲੋਂ ਭੇਜੇ ਗਏ ਸਨ।
ਉਹ ਵਿਅਕਤੀ ਇਸ਼ਮਿੰਦਰ ਸਿੰਘ ਦੀ ਕਾਰ ਦਾ ਪਿੱਛਾ ਕਰਦੇ ਹੋਏ ਸਮਰਾਲਾ ਤੱਕ ਪਹੁੰਚ ਗਏ ਤਾਂ ਇਸ਼ਿਵੰਦਰ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਕਾਰ ਸਮਰਾਲਾ ਤੋਂ ਪਹਿਲਾਂ ਲੁਧਿਆਣਾ ਵੱਲ ਤੇ ਫਿਰ ਮੋਰਿੰਡਾ ਵੱਲ ਪਾ ਲਈ। ਜਦੋਂ ਇਸ਼ਮਿੰਦਰ ਨੇ ਪਿੰਡ ਮਾਨਪੁਰ ਕੋਲ ਪਹੁੰਚ ਕੇ ਕਾਰ ਰੋਕੀ ਤਾਂ ਉਕਤ ਥਾਰ ਜੀਪ ਸਵਾਰ ਵੀ ਉਸ ਦਾ ਪਿੱਛਾ ਕਰਦੇ ਹੋਏ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਇਸ਼ਮਿੰਦਰ ਸਿੰਘ ਨੂੰ ਕਤਲ ਕਰ ਦਿੱਤਾ ਤੇ ਮੌਕੇ ’ਤੋਂ ਫਰਾਰ ਹੋ ਗਏ।