ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ
ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ ਕਪੂਰਥਲਾ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਲਖਵਿੰਦਰ ਸਿੰਘ ਨੂੰ 2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਥਾਣਾ ਸਿਟੀ ਖਰੜ ਵਿੱਚ ਤਾਇਨਾਤ ਏਐੱਸਆਈ ਸੋਮ ਨਾਥ ਖ਼ਿਲਾਫ਼ 60 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮੁਹਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਥਾਣੇਦਾਰ ਸੋਮ ਨਾਥ ਖ਼ਿਲਾਫ਼ ਇਹ ਕਾਰਵਾਈ ਬਲਬੀਰ ਸਿੰਘ ਵਾਸੀ ਗਰੀਨ ਕੰਫਰਟ ਹੋਮਜ਼ ਖਰੜ ਦੀ ਸ਼ਿਕਾਇਤ ’ਤੇ ਕੀਤੀ ਹੈ।
ਇਸ ਸਬੰਧੀ ਬਲਬੀਰ ਸਿੰਘ ਨੇ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਥਾਣੇਦਾਰ ਨਾਲ ਉਸ ਦੀ ਮਾਮੂਲੀ ਤਕਰਾਰ ਹੋਈ ਸੀ ਜਿਸ ਉਪਰੰਤ ਉਸ ਨੇ ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਅਤੇ ਇਸ ਨੂੰ ਛੱਡਣ ਬਦਲੇ ਰਿਸ਼ਵਤ ਵਜੋਂ 60 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਕਾਲ ਰਿਕਾਰਡ ਕਰ ਲਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ਿਕਾਇਤ ਵਿਚਲੇ ਤੱਥ ਸਹੀ ਮਿਲੇ। ਇਸ ਉਪਰੰਤ ਵਿਜੀਲੈਂਸ ਬਿਊਰੋ ਨੇ ਏਐੱਸਆਈ ਖ਼ਿਲਾਫ਼ ਰਿਸ਼ਵਤਖ਼ੋਰੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਨੇ ਥਾਣੇਦਾਰ ਏਐੱਸਆਈ ਲਖਵਿੰਦਰ ਸਿੰਘ ਨੂੰ 2 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਖ਼ਿਲਾਫ਼ ਇਹ ਕਾਰਵਾਈ ਗੌਰਵ ਵਾਸੀ ਅਮਨ ਨਗਰ, ਕਪੂਰਥਲਾ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।