ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਜੁਲਾਈ
ਇਥੋਂ ਦੇ ਸੈਕਟਰ-9 ਦਾ ਕਾਰਮਲ ਕਾਨਵੈਂਟ ਸਕੂਲ ਦੋ ਹਫਤਿਆਂ ਬਾਅਦ ਅੱਜ ਖੁੱਲ੍ਹ ਗਿਆ। ਇਸ ਮੌਕੇ ਵੱਡੀ ਗਿਣਤੀ ਵਿਦਿਆਰਥਣਾਂ ਨੇ ਸਕੂਲ ਵਿਚ ਆ ਕੇ ਜਮਾਤਾਂ ਲਾਈਆਂ। ਇਸ ਸਕੂਲ ਵਿਚ 8 ਜੁਲਾਈ ਨੂੰ ਢਾਈ ਸੌ ਸਾਲ ਪੁਰਾਣਾ ਦਰੱਖਤ ਡਿੱਗ ਗਿਆ ਸੀ ਜਿਸ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਸੀ ਤੇ 18 ਵਿਦਿਆਰਥਣਾਂ ਤੇ ਸਕੂਲ ਅਟੈਂਡੈਂਟ ਜ਼ਖ਼ਮੀ ਹੋ ਗਈ ਸੀ। ਹਾਦਸੇ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਵਿਦਿਆਰਥਣਾਂ ਦੀਆਂ ਆਨਲਾਈਨ ਜਮਾਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਜਾਣਕਾਰੀ ਅਨੁਸਾਰ ਜਦੋਂ ਅੱਜ ਸਕੂਲ ਖੁੱਲ੍ਹਿਆ ਤਾਂ ਕਈ ਵਿਦਿਆਰਥਣਾਂ ਖੁਸ਼ ਸਨ ਪਰ ਇਸ ਹਾਦਸੇ ਵਿਚ ਮੌਤ ਦੇ ਮੂੰਹ ਜਾ ਪਈ ਵਿਦਿਆਰਥਣ ਹੀਰਾਕਸ਼ੀ ਦੀਆਂ ਸਹੇਲੀਆਂ ਉਦਾਸ ਸਨ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥਣਾਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਵਿਦਿਆਰਥਣਾਂ ਨੇ ਦੱਸਿਆ ਕਿ ਪਹਿਲਾਂ ਸਕੂਲ ਅਧਿਆਪਕਾਂ ਵਲੋਂ ਅੱਧੀ ਛੁੱਟੀ ਵੇਲੇ ਵਿਦਿਆਰਥਣਾਂ ਨੂੰ ਜਮਾਤਾਂ ਵਿਚ ਖਾਣਾ ਖਾਣ ਨਹੀਂ ਦਿੱਤਾ ਜਾਂਦਾ ਸੀ ਪਰ ਅੱਜ ਸਾਰੀਆਂ ਵਿਦਿਆਰਥਣਾਂ ਨੂੰ ਜਮਾਤਾਂ ਵਿਚ ਹੀ ਖਾਣਾ ਖਾਧਾ। ਇਸ ਮੌਕੇ ਕੁਝ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਆਉਣ ਨੂੰ ਦਿਲ ਨਹੀਂ ਸੀ ਕਰ ਰਿਹਾ ਕਿਉਂਕਿ ਇਸ ਹਾਦਸੇ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਕੂਲ ਦੀ ਅਧਿਆਪਕ ਨੇ ਦੱਸਿਆ ਕਿ ਅੱਜ ਸਕੂਲ ਵਿਚ ਵਿਦਿਆਰਥਣਾਂ ਉਸ ਘਟਨਾ ਦੇ ਵੇਰਵੇ ਹੀ ਸਾਂਝੀ ਕਰਦੀਆਂ ਰਹੀਆਂ। ਇਸ ਮੌਕੇ ਇਕ ਵਿਦਿਆਰਥਣ ਨੇ ਦੱਸਿਆ ਕਿ ਉਹ ਸਕੂਲ ਖੁੱਲ੍ਹਣ ਕਾਰਨ ਖੁਸ਼ ਹੈ।
ਸੈਕਟਰ ਅੱਠ ਵਿੱਚ ਦਰੱਖਤ ਡਿੱਗਣ ਕਾਰਨ ਸਹਿਮ
ਕਾਰਮਲ ਸਕੂਲ ਵਿਚ ਦਰੱਖ਼ਤ ਡਿੱਗਣ ਤੋਂ ਬਾਅਦ ਸ਼ਹਿਰ ਵਿਚ ਦਰੱਖ਼ਤ ਡਿੱਗਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਅੱਜ ਸੈਕਟਰ-8 ਦੇ ਮਕਾਨ ਨੰਬਰ 1111 ਦੇ ਸਾਹਮਣੇ ਵੱਡਾ ਦਰੱਖ਼ਤ ਡਿੱਗ ਗਿਆ ਪਰ ਇਸ ਘਟਨਾ ਕਾਰਨ ਕੋਈ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਦਰੱਖ਼ਤ ਕਾਰਮਲ ਸਕੂਲ ਤੋਂ ਪੰਜ ਸੌ ਮੀਟਰ ਦੇ ਕਰੀਬ ਦੀ ਦੂਰੀ ’ਤੇ ਸੀ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਸਕੂਲਾਂ ਤੋਂ ਇਲਾਵਾ ਸ਼ਹਿਰ ਵਿਚ ਡਿੱਗਣ ਵਾਲੇ ਦਰੱਖਤਾਂ ਦੀ ਜਾਂ ਤਾਂ ਸੰਭਾਲ ਕਰੇ ਜਾਂ ਕੋਈ ਹੋਰ ਰਸਤਾ ਲੱਭੇ ਤਾਂ ਕਿ ਕੋਈ ਹੋਰ ਜਾਨੀ ਨੁਕਸਾਨ ਨਾ ਹੋਵੇ।