ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਸਤੰਬਰ
ਸੋਹਣੇ ਸ਼ਹਿਰ ਵਿੱਚ ਅੱਜ ‘ਵਿਸ਼ਵ ਕਾਰ ਮੁਕਤ ਦਿਵਸ’ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਕਾਰ ਦੀ ਵਰਤੋਂ ਨਾ ਕਰ ਕੇ ਸਾਈਕਲਾਂ ’ਤੇ ਦਫ਼ਤਰਾਂ ਤੱਕ ਪਹੁੰਚੇ। ਅਧਿਕਾਰੀਆਂ ਨੇ ਖੁਦ ਸਾਈਕਲਾਂ ਚਲਾ ਲੋਕਾਂ ਨੂੰ ਵੀ ਸਾਈਕਲ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ। ਅੱਜ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਗ੍ਰਹਿ ਸਕੱਤਰ ਨਿਤਿਨ ਯਾਦਵ ਸਣੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸਰਕਾਰੀ ਕਾਰ ਦੀ ਵਰਤੋਂ ਨਹੀਂ ਕੀਤੀ ਬਲਕਿ ਖ਼ੁਦ ਸਾਈਕਲ ਚਲਾ ਕੇ ਦਫ਼ਤਰ ਪਹੁੰਚੇ। ਸੜਕ ’ਤੇ ਕਈ ਥਾਵਾਂ ’ਤੇ ਲੋਕਾਂ ਨੇ ਹੱਥ ਹਿਲਾ ਕੇ ਅਧਿਕਾਰੀਆਂ ਦਾ ਸਵਾਗਤ ਕੀਤਾ।
ਚੰਡੀਗੜ੍ਹ ਪੁਲੀਸ ਵੱਲੋਂ ਸੁਖਨਾ ਝੀਲ ’ਤੇ ਰੱਖੀ ਗਈ ਸਾਈਕਲ ਰੈਲੀ ਨੂੰ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ। ਇਸ ਸਮਾਗਮ ਵਿੱਚ ਵੀ ਸਲਾਹਕਾਰ ਸਾਈਕਲ ਚਲਾ ਕੇ ਪਹੁੰਚੇ। ਅੱਜ ਯੂਟੀ ਪ੍ਰਸ਼ਾਸਨ ਦੇ ਹਰ ਰੈਂਕ ਦੇ ਅਧਿਕਾਰੀ ਨੇ ਕਾਰ ਦੀ ਵਰਤੋਂ ਨਹੀਂ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਸੜਕਾਂ ’ਤੇ ਵਧ ਰਹੀ ਕਾਰਾਂ ਦੀ ਗਿਣਤੀ ਕਰ ਕੇ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਜਿਸ ਨਾਲ ਵਿਅਕਤੀਆਂ ਦੀ ਕਸਰਤ ਕਰਨ ਦੀ ਸਮਰੱਥਾ ਵੀ ਘੱਟ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਆਪਣੇ ਜੀਵਨ ਵਿੱਚ ਨਿੱਤ ਸਾਈਕਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਨਾਲ ਪ੍ਰਦੂਸ਼ਣ ਵੀ ਘਟਦਾ ਹੈ ਅਤੇ ਸ਼ਰੀਰ ਵੀ ਤੰਦਰੁਸਤ ਰਹਿੰਦਾ ਹੈ। ਉੱਧਰ, ਚੰਡੀਗੜ੍ਹ ਟਰੈਡਰਜ਼ ਐਸੋਸੀਏਸ਼ਨ, ਸੈਕਟਰ 17 ਦੇ ਪ੍ਰਧਾਨ ਕਮਲਜੀਤ ਸਿੰਘ ਪੰਛੀ ਅਤੇ ਹੋਰ ਮੈਂਬਰ ਵੀ ਸਾਈਕਲਾਂ ’ਤੇ ਚੜ੍ਹ ਕੇ ਆਪੋ-ਆਪਣੀਆਂ ਦੁਕਾਨਾਂ ਤੱਕ ਪਹੁੰਚੇ। ਸ੍ਰੀ ਪੰਛੀ ਨੇ ਸਾਰਿਆਂ ਨੂੰ ਸਾਈਕਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀ ਗਣੇਸ਼ ਐਜੂਕੇਸ਼ਨ ਅਤੇ ਐਨੀਮਲ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਵੀ ਸਾਈਕਲਾਂ ਦੀ ਵਰਤੋਂ ਕੀਤੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਵਿਸ਼ਵ ਕਾਰ ਮੁਕਤ ਦਿਵਸ ਮੌਕੇ ਅੱਜ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਸਾਈਕਲ ਚਲਾ ਕੇ ਅੰਬਾਲਾ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਵਿੱਚ ਕਰਵਾਏ ਗਏ ਪ੍ਰੋਗਰਾਮ ਵਿਚ ਪਹੁੰਚੇ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਅਤੇ ਤੰਦਰੁਸਤ ਰਹਿਣ ਲਈ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਹਰੇਕ ਨੂੰ ਘਇਕ ਦਿਨ ਆਪਣੇ ਨਿੱਜੀ ਵਾਹਨ ਦੀ ਥਾਂ ਸਾਈਕਲ ਜਾਂ ਜਨਤਕ ਵਾਹਨਾਂ ਰਾਹੀਂ ਦਫ਼ਤਰ ਆਉਣਾ ਚਾਹੀਦਾ ਹੈ। ਕਾਰ ਪੂਲਿੰਗ ਵੀ ਕੀਤੀ ਜਾ ਸਕਦੀ ਹੈ।
ਮੇਅਰ ਤੇ ਕਮਿਸ਼ਨਰ ਵੀ ਸਾਈਕਲਾਂ ’ਤੇ ਪਹੁੰਚੇ ਨਗਰ ਨਿਗਮ ਭਵਨ
ਚੰਡੀਗੜ੍ਹ (ਮੁਕੇਸ਼ ਕੁਮਾਰ): ਇੱਥੇ ਅੱਜ ਵਿਸ਼ਵ ਕਾਰ ਮੁਕਤ ਦਿਵਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਤੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਆਪਣੇ ਸਰਕਾਰੀ ਵਾਹਨਾਂ ਦੀ ਥਾਂ ਆਪਣੇ ਨਿਵਾਸ ਸਥਾਨ ਤੋਂ ਨਗਰ ਨਿਗਮ ਭਵਨ ਤੱਕ ਸਾਈਕਲ ਚਲਾ ਕੇ ਪੁੱਜੇ। ਉਨ੍ਹਾਂ ਦੇ ਨਾਲ ਨਿਗਮ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਸਾਈਕਲਾਂ ’ਤੇ ਦਫ਼ਤਰ ਪੁੱਜੇ। ਮੇਅਰ ਰਵੀ ਕਾਂਤ ਸ਼ਰਮਾ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ- ਆਪ ਨੂੰ ਤੰਦਰੁਸਤ ਰੱਖਣ ਲਈ ਹਫਤੇ ਵਿੱਚ ਇੱਕ ਦਿਨ ਸਾਈਕਲ ਚਲਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਵੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਨਾਲ ਜਿੱਥੇ ਪ੍ਰਦੂਸ਼ਣ ਘਟਦਾ ਹੈ ਉੱਥੇ ਹੀ ਵਿਅਕਤੀ ਤੰਦਰੁਸਤ ਵੀ ਰਹਿੰਦਾ ਹੈ।