* ਰੈਲੀ ਦੌਰਾਨ ਖੇਤੀ ਕਾਨੂੰਨਾਂ ਦੇ ਨਾਲ ਮਹਿੰਗਾਈ ਦਾ ਮੁੱਦਾ ਵੀ ਗੂੰਜਿਆ
* ਸਰਕਾਰ ’ਤੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲਣ ਦਾ ਦੋਸ਼
ਆਤਿਸ਼ ਗੁਪਤਾ
ਚੰਡੀਗੜ੍ਹ, 20 ਫਰਵਰੀ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਅੱਜ ਕਿਸਾਨ ਮਹਾਪੰਚਾਇਤ ਕੀਤੀ ਗਈ। ਇਸ ਵੱਡੇ ਸਮਾਗਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੜੂਨੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਹਾਜ਼ਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਭਾਜਪਾ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਅੰਬਾਨੀ, ਅਡਾਨੀ ਅਤੇ ਰਾਮਦੇਵ ਦੇ ਪ੍ਰੋਡਕਟਾਂ ਦੇ ਬਾਈਕਾਟ ਦਾ ਸੁਨੇਹਾ ਦਿੱਤਾ। ਇਸ ਸੁਨੇਹੇ ਦਾ ਸਭ ਨੇ ਹੱਥ ਖੜ੍ਹੇ ਕਰਕੇ ਸਮਰਥਨ ਦਿੱਤਾ। ਮਹਾਪੰਚਾਇਤ ਵਿੱਚ ਖੇਤੀ ਕਾਨੂੰਨਾਂ ਦੇ ਨਾਲ-ਨਾਲ ਵੱਧ ਰਹੀ ਮਹਿੰਗਾਈ ਦਾ ਮੁੱਦਾ ਵੀ ਉਭਾਰਿਆ ਗਿਆ।
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਵਿੱਚ ਲਈ ਲੱਗੀ ਹੋਈ ਹੈ ਪਰ ਦੇਸ਼ ਦਾ ਕਿਸਾਨ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਸਮਝ ਚੁੱਕਾ ਹੈ ਤੇ ਕਿਸਾਨ ਹੁਣ ਪਿੱਛੇ ਹਟਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਤੂਰੰਤ ਰੱਦ ਕੀਤੇ ਜਾਣ ਅਤੇ ਐੱਮਐੱਸਪੀ ’ਤੇ ਫ਼ਸਲਾਂ ਦੀ ਖਰੀਦ ਵਾਲਾ ਕਾਨੂੰਨ ਲਿਆਂਦਾ ਜਾਵੇ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਤੇ ਮੰਚ ਦੀ ਅਗਵਾਈ ਕਰ ਰਹੇ ਕੰਵਲਜੀਤ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਲੋਕ ਆਪ-ਮੁਹਾਰੇ ਹੀ ਪਹੁੰਚ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਕਦੇ ਝੂਠੇ ਪੁਲੀਸ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਕਦੇ ਲਾਠੀਚਾਰਜ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਬਾਰੇ ਸੋਚ ਰਹੀ ਹੈ ਪਰ ਦੇਸ਼ ਦਾ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾ ਵਾਪਸ ਮੁੜਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਲੋਕ ਵਿਰੋਧੀ ਅਤੇ ਕਾਰਪੋਰੇਟ ਘਰਾਣਿਆ ਦੇ ਹਿੱਤਾਂ ਵਿੱਚ ਹਨ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਗੱਲ ਮਨਦੇ ਹੋਏ ਤਿੰਨੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਇਸ ਮੌਕੇ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਪੇਂਡੂ ਸੰਘਰਸ਼ ਕਮੇਟੀ, ਚੰਡੀਗੜ੍ਹ ਪੰਜਾਬੀ ਮੰਚ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ-22, ਲੋਕ ਹਿੱਤ ਮਿਸ਼ਨ ਮਾਜ਼ਰੀ ਬਲਾਕ ਅਤੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਲੋਕ ਸ਼ਾਮਿਲ ਹੋਏ।
ਵ੍ਹੀਲਚੇਅਰਾਂ ’ਤੇ ਸਵਾਰ ਹੋ ਕੇ ਪਹੁੰਚੇ ਕਈ ਲੋਕ
ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਇਸ ਮਹਾਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਬਜ਼ੁਰਗ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਹੀ ਨਹੀਂ ਮਹਾਪੰਚਾਇਤ ਵਿੱਚ ਵ੍ਹੀਲਚੇਅਰ ’ਤੇ ਚੜ੍ਹ ਕੇ ਹਰਮਨ ਸਿੰਘ ਆਪਣੀ ਮਾਤਾ ਨਾਲ ਪਹੁੰਚੇ ਸਨ। ਉਹ ਚੰਡੀਗੜ੍ਹ ਵਿੱਚ ਅਰਾਈਵ ਸੇਫ ਨਾਂ ਦੀ ਸਮਾਜ ਸੇਵੀ ਜੱਥੇਬੰਦੀ ਵੀ ਚਲਾਉਂਦੇ ਹਨ। ਇਸੇ ਤਰ੍ਹਾਂ ਮੁਹਾਲੀ ਤੋਂ ਲਾਲਾ ਸਿੰਘ ਵੀ ਵ੍ਹੀਲਚੇਅਰ ਰਾਹੀਂ ਮਹਾਪੰਚਾਇਤ ਵਿੱਚ ਪਹੁੰਚਿਆ। ਇਨ੍ਹਾਂ ਵਿਅਕਤੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਤੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ।