ਪੱਤਰ ਪ੍ਰੇਰਕ
ਖਰੜ , 17 ਜੁਲਾਈ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਦੇ ਰਣਜੀਤ ਨਗਰ ਵਿੱਚ ਹੈਜ਼ੇ ਤੋਂ ਪੀੜਤ ਮਰੀਜ਼ਾਂ ਦੀ ਸਾਰ ਲਈ ਤੇ ਨਾਲ ਹੀ ਗਲੀਆਂ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਸਬੰਧੀ ਜਾਇਜ਼ਾ ਲਿਆ। ਜਾਣਕਾਰੀ ਦਿੰਦਿਆਂ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ ਇਥੋਂ ਦੇ ਰਣਜੀਤ ਨਗਰ ਵਿੱਚ ਹੈਜ਼ਾ ਫੈਲਣ ਸਬੰਧੀ ਕੁਝ ਮਰੀਜ਼ਾਂ ਬਾਰੇ ਖ਼ਬਰ ਮਿਲੀ ਸੀ। ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੂਰੀ ਗਤੀ ਨਾਲ ਘਰ-ਘਰ ਜਾ ਕੇ ਸਰਵੇਖਣ, ਪੀਣ ਵਾਲੇ ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਜ਼ਿੰਕ ਦੀਆਂ ਗੋਲੀਆਂ ਤੇ ਓਆਰਐੱਸ ਘੋਲ ਦੇ ਪੈਕੇਟ ਵੰਡੇ ਜਾਣ। ਉਨ੍ਹਾਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਇਲਾਕਿਆਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਖਰੜ ਵਿੱਚ ਪਾਣੀ ਅਤੇ ਸੀਵਰੇਜ ਦੀ ਕਾਫੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਹੱਲ ਕਰਨ ਲਈ ਉਹ ਅਧਿਕਾਰੀਆਂ ਨਾਲ ਰਾਬਤਾ ਕਰ ਕੇ ਕਰੀਬ 7 ਕਰੋੜ ਰੁਪਏ ਦਾ ਪ੍ਰਾਜੈਕਟ ਬਣਾ ਰਹੇ ਹਨ, ਜਿਸ ਨੂੰ ਜਲਦੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ।
ਹਲਕਾ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਾਂਗੀ: ਅਨਮੋਲ ਗਗਨ ਮਾਨ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਅਨਮੋਲ ਗਗਨ ਮਾਨ ਨੇ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿੱਚ ਆਪਣੇ ਪਰਿਵਾਰ ਵੱਲੋਂ ਰਖਵਾਏ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਸੰਪੂਰਨਤਾ ਭੋਗ ਮੌਕੇ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਬੀਬੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਪੂਰੇ ਪੰਜਾਬ ਸਮੇਤ ਖਾਸ ਕਰ ਕੇ ਹਲਕਾ ਖਰੜ ਦੇ ਲੋਕਾਂ ਦੀਆਂ ਆਸ ਉਮੀਦਾਂ ਉੱਤੇ ਖਰਾ ਉਤਰੇਗੀ।