ਆਤਿਸ਼ ਗੁਪਤਾ
ਚੰਡੀਗੜ੍ਹ, 11 ਮਈ
ਸ਼ਹਿਰ ਨੂੰ ਝੁੱਗੀਆਂ ਮੁਕਤ ਕਰਨ ਲਈ ਯੂਟੀ ਪ੍ਰਸ਼ਾਸਨ ਸਰਗਰਮ ਹੈ ਅਤੇ ਸੈਕਟਰ 25 ਸਥਿਤ ਜਨਤਾ ਕਲੋਨੀ ਨੂੰ 15 ਮਈ ਨੂੰ ਢਾਹ ਦਿੱਤਾ ਜਾਵੇਗਾ। ਅੱਜ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਕਾਰਵਾਈ ਲਈ ਜਨਤਾ ਕਲੋਨੀ ਨੂੰ ਚਾਰ ਹਿੱਸਿਆ ਵਿੱਚ ਵੰਡਿਆ ਜਾਵੇਗਾ ਅਤੇ ਚਾਰ ਡਿਊਟੀ ਮੈਜਿਸਟਰੇਟ ਅਤੇ ਪੁਲੀਸ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਦੀ ਪ੍ਰਵਾਨਗੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਦੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਕਟਰ 25 ਵਿੱਚ 10 ਏਕੜ ਥਾਂ ’ਤੇ ਜਨਤਾ ਕਲੋਨੀ ਵਿੱਚ ਹਜ਼ਾਰਾਂ ਝੁੱਗੀਆਂ ਗੈਰਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਹਨ। ਇਹ ਜ਼ਮੀਨ ਡਿਸਪੈਂਸਰੀ, ਪ੍ਰਾਈਮਰੀ ਸਕੂਲ, ਕਮਿਊਨਿਟੀ ਸੈਂਟਰ ਅਤੇ ਸ਼ਾਪਿੰਗ ਮਾਲ ਲਈ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜਨਤਾ ਕਲੋਨੀ ਨੂੰ ਖਾਲੀ ਕਰਨ ਲਈ 15 ਦਿਨ ਪਹਿਲਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਲੋਕਾਂ ਨੂੰ ਵਾਰ-ਵਾਰ ਕਲੋਨੀ ਖਾਲੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ 15 ਮਈ ਨੂੰ ਕਲੋਨੀ ਢਾਹੁਣ ਤੋਂ ਬਾਅਦ ਤੁਰੰਤ ਜ਼ਮੀਨ ਦਾ ਕਬਜ਼ਾ ਲੈਣ ਲਈ ਇੰਜਨੀਅਰਿੰਗ ਵਿਭਾਗ ਨੂੰ ਆਦੇਸ਼ ਦੇ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਲੋਨੀ ਨੰਬਰ-4 ਨੂੰ ਵੀ ਢਾਹਿਆ ਸੀ ਤੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ।
ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ
ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਹੰਸਾਲਾ ਵਿੱਚ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ 115 ਬਿਘੇ 14 ਬਿਸਵੇ ਪੰਚਾਇਤੀ ਸ਼ਾਮਲਾਤ ਜ਼ਮੀਨ ਵਿਚੋਂ ਅੱਜ ਨਾਜਾਇਜ਼ ਕਬਜੇ ਹਟਵਾ ਕੇ ਜ਼ਮੀਨ ਗ੍ਰਾਮ ਪੰਚਾਇਤ ਦੇ ਸਪੁਰਦ ਕੀਤੀ ਗਈ। ਜ਼ਮੀਨ ਦਾ ਕਬਜ਼ਾ ਲੈਣ ਉਪਰੰਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗ੍ਰਾਮ ਪੰਚਾਇਤ ਵੱਲੋਂ ਖੁੱਲ੍ਹੀ ਬੋਲੀ ਵੀ ਕਰਵਾਈ ਗਈ। ਹਲਕਾ ਵਿਧਾਇਕ ਸ੍ਰੀ ਰੰਧਾਵਾ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜੇਕਰ ਕਿਸੇ ਨੇ 30 ਮਈ ਤੱਕ ਸਰਕਾਰੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਿਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਤੋਂ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਮੁਆਵਜ਼ਾ ਵੀ ਲਿਆ ਜਾਵੇਗਾ। ਇਸ ਮੌਕੇ ਸਰਪੰਚ ਚਰਨਜੀਤ ਕੌਰ, ਪੰਚਾਇਤ ਅਧਿਕਾਰੀ ਰਮੇਸ਼ ਕੁਮਾਰ, ਪ੍ਰਦੀਪ ਕੁਮਾਰ, ਵਿਸ਼ਾਲ ਸ਼ਰਮਾ, ਕਨੂੰਨਗੋ ਰਜਿੰਦਰ ਸਿੰਘ ਅਤੇ ਪਟਵਾਰੀ ਕਮਲਜੀਤ ਸਿੰਘ ਹਾਜ਼ਰ ਸਨ।