ਹਰਜੀਤ ਸਿੰਘ
ਜ਼ੀਰਕਪੁਰ, 15 ਅਕਤੂਬਰ
ਇਥੋਂ ਦੇ ਢਕੋਲੀ ਖੇਤਰ ਵਿੱਚ ਪੈਂਦੀ ਬਸੰਤ ਵਿਹਾਰ ਕਲੋਨੀ ਵਿੱਚ ਇਕ ਵਿਅਕਤੀ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਬੇਰਹਿਮੀ ਨਾਲ ਚਾਕੂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਚਾਕੂ ਨਾਲ ਕਈ ਵਾਰ ਕੀਤੇ ਗਏ ਅਤੇ ਕਤਲ ਕਰਨ ਮਗਰੋਂ ਲਾਸ਼ ਨੂੰ ਘਰ ਦੇ ਬਾਥਰੂਮ ਵਿੱਚ ਲੁਕਾ ਕੇ ਫ਼ਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ 45 ਸਾਲਾ ਦੀ ਸੁਦੇਸ਼ ਰਾਣੀ ਵਾਸੀ ਬਸੰਤ ਵਿਹਾਰ ਫੇਜ਼ 2 ਮਕਾਨ ਨੰਬਰ 129 ਦੇ ਰੂਪ ਵਿੱਚ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪਤੀ ਅਸ਼ੋਕ ਸੈਣੀ ਫ਼ਰਾਰ ਚਲ ਰਿਹਾ ਹੈ। ਪੁਲੀਸ ਨੇ ਮ੍ਰਿਤਕਾ ਦੇ ਲੜਕੇ ਰੂਬਲ ਸੈਣੀ ਦੇ ਬਿਆਨ ’ਤੇ ਕਤਲ ਦਾ ਕੇਸ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਸੂਚਨਾ ਮਿਲਣ ਮਗਰੋਂ ਡੀ.ਐਸ.ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ, ਥਾਣਾ ਮੁਖੀ ਸਹਾਇਕ ਇੰਸਪੈਕਟਰ ਨਰਪਿੰਦਰ ਸਿੰਘ ਨੇ ਫੌਰੈਸਿੰਗ ਟੀਮ ਨਾਲ ਮੌਕੇ ਦਾ ਦੌਰਾ ਕਰਕੇ ਸੈਂਪਲ ਇਕੱਤਰ ਕੀਤੇ।
ਜਾਣਕਾਰੀ ਅਨੁਸਾਰ ਅਸ਼ੋਕ ਸੈਣੀ ਜੋ ਐਲੂਮੀਨੀਅਮ ਦੀ ਫਿਟਿੰਗ ਦਾ ਕੰਮ ਕਰਦਾ ਹੈ, ਦਾ ਅਕਸਰ ਆਪਣੀ ਪਤਨੀ ਸੁਦੇਸ਼ ਰਾਣੀ ਨਾਲ ਝਗੜਾ ਰਹਿੰਦਾ ਸੀ। ਦੋਵਾਂ ਦੇ ਦੋ ਬੱਚੇ ਹਨ ਜੋ ਲੰਘੀ ਰਾਤ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਇਸ ਦੌਰਾਨ ਦੋਵਾਂ ਪਤੀ ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਜਿਸ ਦੌਰਾਨ ਅਸ਼ੋਕ ਸੈਣੀ ਵੱਲੋਂ ਆਪਣੀ ਪਤਨੀ ’ਤੇ ਚਾਕੂ ਨਾਲ ਕਈ ਵਾਰ ਕੀਤੇ। ਜ਼ਖ਼ਮੀ ਹਾਲਤ ਵਿੱਚ ਖੂਨ ਨਾਲ ਲੱਥਪਥ ਪਤਨੀ ਨੂੰ ਬਾਥਰੂਮ ਵਿੱਚ ਘਸੀਟ ਕੇ ਬੰਦ ਕਰਕੇ ਬਾਹਰੋਂ ਤਾਲਾ ਲਾ ਦਿੱਤਾ। ਸਵੇਰੇ ਜਦ ਬੱਚਿਆਂ ਨੇ ਮਾਂ ਬਾਰੇ ਪੁੱਛਿਆ ਤਾਂ ਅਸ਼ੋਕ ਨੇ ਕਿਹਾ ਕਿ ਊਹ ਭੁੂਆ ਕੋਲ ਗਈ ਹੈ ਤੇ ਇਹ ਕਹਿ ਕੇ ਊਹ ਘਰੋਂ ਚਲਾ ਗਿਆ। ਵੱਡਾ ਲੜਕਾ ਰੂਬਲ ਜੋ ਚੰਡੀਗੜ੍ਹ ਬੀ.ਏ. ਦੀ ਪੜ੍ਹਾਈ ਕਰ ਰਿਹਾ ਹੈ, ਨੇ ਭੁੂਆ ਨੂੰ ਫੋਨ ਕਰਕੇ ਪੁੱਛਿਆ ਤਾਂ ਊਥੇ ਨਾ ਆਉਣ ਦੀ ਗੱਲ ਆਖੀ। ਲੜਕੇ ਵੱਲੋਂ ਘਰ ਆ ਕੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਉਸ ਦੀ ਮਾਂ ਦੀ ਖੂਨ ਨਾਲ ਲਬਿੜੀ ਲਾਸ਼ ਪਈ ਸੀ। ਉਸ ਨੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਗੁਆਂਢੀਆਂ ਅਤੇ ਬੱਚਿਆਂ ਨੇ ਦੱਸਿਆ ਕਿ ਲੰਘੀ ਰਾਤ ਦੋਵਾਂ ਪਤੀ ਪਤਨੀ ਨੇ ਸੈਰ ਕੀਤੀ ਅਤੇ ਖ਼ੁਸ਼ੀ ਨਾਲ ਸਾਰਾ ਪਰਿਵਾਰ ਸੁੱਤਾ ਸੀ।
ਫਾਰਮ ਹਾਊਸ ’ਚ ਲੁਟੇਰਿਆਂ ਵੱਲੋਂ ਪਰਵਾਸੀ ਮਜ਼ਦੂਰ ਦੀ ਹੱਤਿਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਮਾਜਰਾ ਨੇੜੇ ਇੱਕ ਫਾਰਮ ਹਾਊਸ ਵਿੱਚ ਬੀਤੀ ਦੇਰ ਰਾਤ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਜਿੱਥੇ ਇੱਕ ਪਰਵਾਸੀ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ, ਉਥੇ ਪਰਿਵਾਰ ਨੂੰ ਕਮਰੇ ਵਿੱਚ ਬੰਦੀ ਬਣਾ ਕੇ ਗਹਿਣੇ ਅਤੇ ਨਕਦੀ ਵੀ ਲੁੱਟ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੋਪਾਲ ਸੇਨਾਰ (ਨੇਪਾਲ) ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਨੇੜੇ ਇੱਕ ਫਾਰਮ ਹਾਊਸ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ। ਬੀਤੀ ਰਾਤ ਜਦੋਂ ਇਹ ਪਰਿਵਾਰ ਘਰ ਵਿੱਚ ਸੁੱਤਾ ਪਿਆ ਸੀ ਤਾਂ ਕੁਝ ਲੁਟੇਰਿਆਂ ਨੇ ਗੋਪਾਲ ਸੇਨਾਰ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਉਪਰੰਤ ਉਸ ਦੀ ਘਰਵਾਲੀ ਕਮਲਾ ਦੀ ਵੀ ਕੁੱਟਮਾਰ ਕੀਤੀ। ਲੁਟੇਰਿਆਂ ਨੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਇੱਕ ਕਮਰੇ ਵਿੱਚ ਬੰਦੀ ਬਣਾ ਦਿੱਤਾ ਅਤੇ ਘਰ ਵਿੱਚ ਪਏ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਸਮੇਤ ਮੋਬਾਈਲ ਫੋਨ ਲੈ ਕੇ ਧਮਕੀ ਦਿੰਦੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐਸਐਚਓ ਅਮਨਦੀਪ ਸਿੰਘ ਚੌਹਾਨ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੇ। ਐੱਸਐੱਚ ਓ ਅਨੁਸਾਰ ਮ੍ਰਿਤਕ ਦੇ ਸਰੀਰ ’ਤੇ ਕੁੱਟਮਾਰ ਦਾ ਕੋਈ ਨਿਸ਼ਾਨ ਨਾ ਹੋਣ ਕਾਰਨ ਮ੍ਰਿਤਕ ਗੋਪਾਲ ਦੀ ਮੌਤ ਸਬੰਧੀ ਹਾਲੇ ਭੇਦ ਬਰਕਰਾਰ ਹੈ, ਜਿਸ ਦੀ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਮੋਰਿੰਡਾ ਵਿੱਚ ਪਰਵਾਸੀ ਨੌਜਵਾਨ ਦਾ ਕਤਲ
ਮੋਰਿੰਡਾ (ਸੰਜੀਵ ਤੇਜਪਾਲ): ਬਿਹਾਰ ਤੋਂ ਆ ਕੇ ਮੋਰਿੰਡਾ ਦੇ ਵਾਰਡ ਨੰਬਰ 4 ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਹੇ ਪ੍ਰਵਾਸੀ ਨੌਜਵਾਨ ਦਾ ਕਤਲ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਸ ਦੀ ਲਾਸ਼ ਕਲਾਸ ਫੈਕਟਰੀ ਮੜੋਲੀ ਕਲਾਂ ਕੋਲੋਂ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੰਦਰ ਤਿਵਾੜੀ ਪੁੱਤਰ ਲੱਲਨ ਤਿਵਾੜੀ ਪੇਸ਼ੇ ਤੋਂ ਪੇਂਟਰ ਹੈ। ਉਹ ਆਪਣੀ ਪਤਨੀ ਤੇ ਦੋ ਬੇਟੀਆਂ ਨਾਲ ਰਹਿ ਰਿਹਾ ਸੀ। ਮੋਰਿੰਡਾ ਪੁਲੀਸ ਨੇ ਕਾਤਿਲਾਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।