ਸਰਬਜੀਤ ਸਿੰਘ ਭੱਟੀ
ਲਾਲੜੂ, 21 ਸਤੰਬਰ
ਸਰਕਾਰੀ ਸਕੂਲ ਲਾਲੜੂ ’ਚ ਪੜ੍ਹਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ ਬਦਲੇ ਡੇਢ ਦਰਜਨ ਨੌਜਵਾਨਾਂ ਨੇ ਉਸ ਦੇ ਭਰਾ ਅਤੇ ਇਕ ਹੋਰ ਨੌਜਵਾਨ ਦੀ ਘਰ ਵਿੱਚ ਵੜ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਉਪਰੰਤ ਊਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ। ਇਸ ਕੁੱਟਮਾਰ ਵਿੱਚ ਦੋ ਨੌਜਵਾਨ ਗੰਭੀਰ ਫੱਟੜ ਹੋ ਗਏ। ਪੁਲੀਸ ਨੇ ਡੇਢ ਦਰਜਨ ਦੇ ਕਰੀਬ ਨੌਜਵਾਨਾਂ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਗੌਰਵ ਸ਼ਰਮਾ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਪੁੱਤਰ ਜਸਵਿੰਦਰ ਪਾਲ ਵਾਸੀ ਅਮਰਪੁਰੀ ਕਲੋਨੀ, ਲਾਲੜੂ ਮੰਡੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਦੋਸਤ ਅਕਾਸ਼ ਪੁੱਤਰ ਨਰਿੰਦਰ ਕੁਮਾਰ ਵਾਸੀ ਅਮਰਪੁਰੀ ਕਲੋਨੀ, ਲਾਲੜੂ ਮੰਡੀ ਦੀ ਭੈਣ ਸਰਕਾਰੀ ਸਕੂਲ ਲਾਲੜੂ ਵਿੱਚ ਨੌਂਵੀ ਜਮਾਤ ਅੰਦਰ ਪੜ੍ਹਦੀ ਹੈ, ਜਿਸ ਨੂੰ ਲਾਲੜੂ ਪਿੰਡ ਦੇ ਕੁੱਝ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ। ਉਨ੍ਹਾਂ ਨੇ ਇਨ੍ਹਾਂ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਰੰਜਿਸ਼ ਦੇ ਚਲਦੇ ਨੌਜਵਾਨਾਂ ਨੇ ਮਾਰਕੁੱਟ ਕੀਤੀ। ਥਾਣਾ ਮੁਖੀ ਲਾਲੜੂ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।