ਕੁਲਦੀਪ ਸਿੰਘ
ਚੰਡੀਗੜ੍ਹ, 14 ਜੁਲਾਈ
ਯੂਟੀ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਬੂਥ ਅਲਾਟ ਕੀਤੇ ਜਾਣ ਦਾ ਮਾਮਲਾ ਲਟਕਿਆ ਹੋਇਆ ਹੈ ਜਿਸ ਕਾਰਨ ਦਰਜਨ ਦੇ ਕਰੀਬ ਲਾਭਪਾਤਰੀ ਪ੍ਰੇਸ਼ਾਨ ਹਨ। ਨਗਰ ਨਿਗਮ ਚੰਡੀਗੜ੍ਹ ਦੇ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਦੱਸਿਆ ਕਿ ਸਾਲ 2011 ਵਿੱਚ ਸਮਾਜ ਭਲਾਈ ਵਿਭਾਗ ਚੰਡੀਗੜ੍ਹ ਵੱਲੋਂ ਸਾਲ 2009 ਵਿੱਚ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਬੂਥਾਂ ਦੀ ਸਕੀਮ ਕੱਢੀ ਗਈ ਸੀ। ਇਸ ਸਕੀਮ ਤਹਿਤ ਸੈਕਟਰ-38 ਅਤੇ 40 ਦੀਆਂ ਮਾਰਕੀਟਾਂ ਵਿੱਚ ਬੂਥ ਅਲਾਟ ਕੀਤੇ ਜਾਣੇ ਸਨ। ਸਕੀਮ ਤਹਿਤ ਵਿਭਾਗ ਵੱਲੋਂ ਸਾਲ 2015 ਵਿੱਚ ਪਹਿਲੇ ਡਰਾਅ ਵਿੱਚ 40 ਬੂਥਾਂ ਦੀ ਅਲਾਟਮੈਂਟ ਕੀਤੀ ਗਈ ਸੀ ਅਤੇ ਦੂਸਰੀ ਵਾਰ 20 ਬੂਥ ਅਲਾਟ ਕੀਤੇ ਗਏ ਪਰ 12 ਲਾਭਪਾਤਰੀਆਂ ਦੇ ਕਾਗਜ਼ਾਂ ਵਿੱਚ ਇਤਰਾਜ਼ ਲੱਗਣ ਕਾਰਨ ਉਨ੍ਹਾਂ ਦੀ ਅਲਾਟਮੈਂਟ ਰੋਕ ਦਿੱਤੀ ਗਈ ਸੀ। ਉਸ ਉਪਰੰਤ ਇਨ੍ਹਾਂ ਇਤਰਾਜ਼ ਲੱਗਣ ਵਾਲੇ ਯੋਗ ਹੈਂਡੀਕੈਪਡ ਲਾਭਪਾਤਰੀਆਂ ਦੀਆਂ ਕਈ ਵਾਰ ਵੈਰੀਫਿਕੇਸ਼ਨਾਂ ਕਰਵਾਈਆਂ ਗਈਆਂ। ਇਨ੍ਹਾਂ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਬੂਥ ਅਲਾਟਮੈਂਟ ਕਰਨ ਲਈ 15 ਵਾਰ ਅਧਿਕਾਰੀਆਂ ਦੀਆਂ ਮੀਟਿੰਗਾਂ ਫਿਕਸ ਹੋਈਆਂ ਪਰ ਹਰ ਵਾਰ ਮੀਟਿੰਗਾਂ ਮੁਲਤਵੀ ਹੁੰਦੀਆਂ ਰਹੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ 12 ਲਾਭਪਾਤਰੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਹੁਣ ਇਹ 11 ਲਾਭਪਾਤਰੀ ਲੰਬੇ ਸਮੇਂ ਤੋਂ ਬੂਥਾਂ ਦੀ ਅਲਾਟਮੈਂਟ ਦਾ ਇੰਤਜ਼ਾਰ ਕਰ ਰਹੇ ਹਨ। ਉਹ ਕਈ ਵਾਰੀ ਡਿਪਟੀ ਕਮਿਸ਼ਨਰ ਚੰਡੀਗੜ੍ਹ ਅਤੇ ਡਾਇਰੈਕਟਰ ਸਮਾਜ ਭਲਾਈ ਵਿਭਾਗ ਯੂਟੀ ਨੂੰ ਮਿਲੇ ਪਰ ਅਜੇ ਤੱਕ ਬੂਥ ਅਲਾਟਮੈਂਟ ਨਹੀਂ ਹੋ ਸਕੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਹੈਂਡੀਕੈਪਡ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਬੂਥ ਅਲਾਟ ਕੀਤੇ ਜਾਣ।
ਗੋਲਡ ਮੈਡਲਿਸਟ ਵਿਅਕਤੀ ਨੂੰ ਵੀ ਨਹੀਂ ਮਿਲਿਆ ਬੂਥ
ਬੂਥ ਅਲਾਟਮੈਂਟ ਦੀ ਊਡੀਕ ਕਰ ਰਹੇ ਵਿਨੋਦ ਨਾਗਪਾਲ ਨੇ ਦੱਸਿਆ ਕਿ ਉਹ ਪੰਜਾਬ ਪੈਰਾ ਓਲੰਪਿਕਸ ਦੌਰਾਨ ਵ੍ਹੀਲਚੇਅਰ ਟਰਾਈਸਾਈਕਲ ਵਿੱਚ ਗੋਲਡ ਮੈਡਲਿਸਟ ਰਿਹਾ ਅਤੇ ਬੀਏ ਪਾਸ ਹੈ। ਸਰੀਰ ਪੱਖੋਂ 100 ਪ੍ਰਤੀਸ਼ਤ ਹੈਂਡੀਕੈਪਡ ਹੋਣ ਕਾਰਨ ਉਹ ਆਪਣਾ ਰੁਜ਼ਗਾਰ ਚਲਾ ਕੇ ਗੁਜ਼ਾਰਾ ਕਰਨਾ ਚਾਹੁੰਦਾ ਹੈ ਪਰ ਹਾਲੇ ਤੱਕ ਉਸ ਨੂੰ ਵੀ ਬੂਥ ਅਲਾਟ ਨਹੀਂ ਹੋਇਆ।
ਜਲਦ ਹੀ ਅਲਾਟ ਕੀਤੇ ਜਾਣਗੇ ਬੂਥ: ਚੇਅਰਮੈਨ
ਬੂਥ ਅਲਾਟਮੈਂਟ ਕਮੇਟੀ ਦੇ ਚੇਅਰਮੈਨ ਸਚਿਨ ਰਾਣਾ ਨੇ ਕਿਹਾ ਕਿ ਕੁਝ ਲਾਭਪਾਤਰੀਆਂ ਦੀ ਪੁਲੀਸ ਅਤੇ ਤਹਿਸੀਲਦਾਰ ਤੋਂ ਵੈਰੀਫਿਕੇਸ਼ਨਾਂ ਪੈਂਡਿੰਗ ਪਈਆਂ ਸਨ ਜੋ ਕਿ ਹੁਣ ਹੋ ਗਈਆਂ ਹਨ ਅਤੇ ਕਰੋਨਾ ਮਹਾਮਾਰੀ ਕਾਰਨ ਬੂਥ ਅਲਾਟਮੈਂਟ ਵਿੱਚ ਕੁਝ ਦੇਰੀ ਹੋ ਰਹੀ ਹੈ। ਊਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਲਾਭਪਾਤਰੀਆਂ ਨੂੰ ਬੂਥ ਅਲਾਟ ਕਰ ਦਿੱਤੇ ਜਾਣਗੇ।