ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਫਰਵਰੀ
ਇਥੋਂ ਦੇ ਭਵਨ ਵਿਦਿਆਲਿਆ ਸਕੂਲ ਵੱਲੋਂ 14 ਫਰਵਰੀ ਨੂੰ ਨੌਵੀਂ ਜਮਾਤ ’ਚ ਦਾਖਲੇ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ। ਦੱਸਣਯੋਗ ਹੈ ਕਿ ਰਾਈਟ-ਟੂ-ਐਜੂਕੇਸ਼ਨ ਐਕਟ ਤਹਿਤ ਕੋਈ ਵੀ ਸਕੂਲ ਅੱਠਵੀਂ ਜਮਾਤ ਤਕ ਦੇ ਦਾਖਲੇ ਲਈ ਪ੍ਰੀਖਿਆ ਨਹੀਂ ਲੈ ਸਕਦਾ। ਜਾਣਕਾਰੀ ਮਿਲੀ ਹੈ ਕਿ ਸਕੂਲ ਵਿਚ ਨੌਵੀਂ ਜਮਾਤ ਦੀਆਂ 40 ਸੀਟਾਂ ਹਨ ਜਿਸ ਲਈ 375 ਵਿਦਿਆਰਥੀਆਂ ਨੇ ਦਾਖਲੇ ਲਈ ਅਪਲਾਈ ਕੀਤਾ ਹੈ। ਸਕੂਲ ਵਲੋਂ ਲਿਖਤੀ ਨੰਬਰਾਂ ਦੇ ਆਧਾਰ ’ਤੇ ਸੀਟਾਂ ਵੰਡੀਆਂ ਜਾਣਗੀਆਂ। ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਭਵਨ ਵਿਦਿਆਲਿਆ ਸਕੂਲ ਛੇਵੀਂ ਜਮਾਤ ਤੋਂ ਦਾਖਲਿਆਂ ਲਈ ਲਿਖਤੀ ਟੈਸਟ ਲੈਣ ਕਾਰਨ ਵਿਵਾਦਾਂ ਵਿਚ ਘਿਰ ਗਿਆ ਸੀ। ਇਸ ਕਰਕੇ ਸਿੱਖਿਆ ਵਿਭਾਗ ਨੇ ਸਕੂਲ ਨੂੰ 25 ਹਜ਼ਾਰ ਰੁਪਏ ਜੁਰਮਾਨਾ ਲਾਇਆ ਸੀ। ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕੇਂਦਰ ਨੂੰ ਪਹਿਲਾਂ ਵੀ ਲਿਖਿਆ ਗਿਆ ਹੈ ਕਿ ਇਹ ਆਰਟੀਈ ਨਿਯਮ ਸਾਰੀਆਂ ਜਮਾਤਾਂ ਲਈ ਲਾਗੂ ਹੋਣੇ ਚਾਹੀਦੇ ਹਨ ਤਾਂ ਕਿ ਨਿੱਜੀ ਸਕੂਲ ਆਪਣੀਆਂ ਮਨਮਾਨੀਆਂ ਨਾ ਕਰ ਸਕਣ। ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵੱਲੋਂ ਨੌਵੀਂ ਜਮਾਤ ਵਿਚ ਨਵਾਂ ਸੈਕਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ।
ਕੀ ਹਨ ਆਰਟੀਆਈ ਨਿਯਮ
ਮਨੁੱਖ ਸਰੋਤ ਵਿਕਾਸ ਮੰਤਰਾਲਾ ਵੱਲੋਂ ਸਾਲ 2010 ਵਿਚ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਪਾਰਦਰਸ਼ੀ ਬਣਾਉਣ ਲਈ ਕੋਈ ਵੀ ਸਕੂਲ ਪਹਿਲੀ ਤੋਂ ਅੱਠਵੀਂ ਤਕ ਬੱਚਿਆਂ ਅਤੇ ਮਾਪਿਆਂ ਦੀ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਲੈ ਸਕਦਾ। ਆਰਟੀਆਈ ਐਕਟ ਤਹਿਤ ਕੋਈ ਵੀ ਸਕੂਲ ਪਹਿਲੀ ਤੋਂ ਅੱਠਵੀਂ ਤਕ ਟੈਸਟ ਨਹੀਂ ਲੈ ਸਕਦਾ ਤੇ ਨਿਯਮਾਂ ਦਾ ਉਲੰਘਣ ਕਰਨ ’ਤੇ ਉਸ ਸਕੂਲ ਨੂੰ ਪਹਿਲੀ ਵਾਰ ਪੱਚੀ ਹਜ਼ਾਰ ਤੇ ਉਸ ਤੋਂ ਬਾਅਦ ਹਰ ਵਾਰ ਪੰਜਾਹ ਹਜ਼ਾਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।
ਰਾਜਨ ਜੈਨ ਨੂੰ ਡਿਪਟੀ ਡੀਈਓ-3 ਬਣਾਇਆ
ਸਿੱਖਿਆ ਵਿਭਾਗ ਨੇ 12 ਫਰਵਰੀ ਨੂੰ ਹੁਕਮ ਜਾਰੀ ਕਰਦਿਆਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37-ਬੀ ਦੇ ਪ੍ਰਿੰਸੀਪਲ ਰਾਜਨ ਜੈਨ ਨੂੰ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ-3 ਨਿਯੁਕਤ ਕੀਤਾ ਹੈ ਜਦਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20-ਬੀ ਦੀ ਪ੍ਰਿੰਸੀਪਲ ਪੂਨਮ ਸੂਦ ਨੂੰ ਅਸਿਸਟੈਂਟ ਡਾਇਰੈਕਟਰ (ਵੋਕੇਸ਼ਨਲ ਐਜੂਕੇਸ਼ਨ) ਲਾਇਆ ਹੈ। ਇਸ ਸਬੰਧੀ ਹੁਕਮ ਡਾਇਰੈਕਟਰ (ਸਕੂਲ ਐਜੂਕੇਸ਼ਨ) ਰੁਬਿੰਦਰਜੀਤ ਸਿੰਘ ਬਰਾੜ ਨੇ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਉਪਰੋਕਤ ਅਹੁਦਿਆਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ।