ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਮਾਰਚ
ਇੱਥੋਂ ਦੇ ਭਵਨ ਵਿਦਿਆਲਿਆ ਤੇ ਦੋ ਹੋਰ ਸਕੂਲਾਂ ਵੱਲੋਂ ਵਿਦਿਆਰਥੀਆਂ ਤੋਂ ਸਾਲਾਨਾ ਫੀਸਾਂ ਮੰਗੀਆਂ ਜਾ ਰਹੀਆਂ ਹਨ। ਇਸ ਖ਼ਿਲਾਫ਼ ਮਾਪਿਆਂ ਨੇ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ ਹੈ।
ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਤੇ ਹਰਿਆਣਾ ਤੇ ਹਾਈ ਕੋਰਟ ਨੇ ਸਕੂਲਾਂ ਨੂੰ ਇਸ ਸੈਸ਼ਨ ਵਿੱਚ ਸਿਰਫ਼ ਟਿਊਸ਼ਨ ਫੀਸ ਵਸੂਲਣ ਦੇ ਨਿਰਦੇਸ਼ ਦਿੱਤੇ ਹਨ। ਹੋਰ ਸਕੂਲ ਵੀ ਪੂਰੀਆਂ ਫੀਸਾਂ ਲੈਣ ਲਈ ਦਬਾਅ ਬਣਾ ਰਹੇ ਹਨ। ਇਸ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਭਵਨ ਵਿਦਿਆਲਿਆ ਤੇ ਦੋ ਹੋਰ ਸਕੂਲਾਂ ਤੋਂ ਸਾਲਾਨਾ ਫੀਸਾਂ ਮੰਗਣ ’ਤੇ ਜਵਾਬ ਮੰਗਿਆ ਹੈ। ਇਨ੍ਹਾਂ ਸਕੂਲਾਂ ਨੇ ਸਿੱਖਿਆ ਵਿਭਾਗ ਦੇ ਪਹਿਲਾਂ ਜਾਰੀ ਕੀਤੇ ਸਰਕੁਲਰ ਦੀ ਪ੍ਰਵਾਹ ਨਾ ਕਰਦਿਆਂ ਫੀਸਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਵਿਭਾਗ ਸਕੂਲਾਂ ਤੋਂ ਵੇਰਵੇ ਲੈ ਕੇ ਸਕੂਲਾਂ ਦੀ ਆਮਦਨੀ ਦੀ ਨਜ਼ਰਸਾਨੀ ਕਰੇਗਾ।
ਕਈ ਮਾਪਿਆਂ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਸਕੂਲ ਦੇ ਕਲਾਸ ਟੀਚਰ ਲਗਾਤਾਰ ਮਾਪਿਆਂ ਨੂੰ ਸਾਲਾਨਾ ਫੀਸ 31 ਮਾਰਚ ਤੱਕ ਜਮ੍ਹਾਂ ਕਰਵਾਉਣ ਲਈ ਕਹਿ ਰਹੇ ਹਨ ਅਤੇ ਕਈ ਅਧਿਆਪਕ ਤਾਂ ਮਾਪਿਆਂ ’ਤੇ ਦਬਾਅ ਵੀ ਪਾ ਰਹੇ ਹਨ। ਇਨ੍ਹਾਂ ਮਾਪਿਆਂ ਨੇ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਕਾਰਨ ਡੀਈਓ ਨੇ 25 ਮਾਰਚ ਨੂੰ ਸਕੂਲ ਨੂੰ ਨੋਟਿਸ ਜਾਰੀ ਕਰ ਕੇ 26 ਮਾਰਚ ਤੱਕ ਜਵਾਬ ਮੰਗਿਆ ਹੈ।
ਸ਼ਿਸ਼ੂ ਨਿਕੇਤਨ ਸਕੂਲ ਸੈਕਟਰ-43 ਤੇ ਸੌਪਿਨਜ਼ ਸਕੂਲ ਸੈਕਟਰ-32 ਖ਼ਿਲਾਫ਼ ਵੀ ਮਾਪਿਆਂ ਨੇ ਉਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ ਕਿ ਸਕੂਲ ਵਾਲੇ ਟਿਊਸ਼ਨ ਫੀਸ ਤੋਂ ਇਲਾਵਾ ਫੰਡ ਮੰਗ ਰਹੇ ਹਨ ਅਤੇ ਫੰਡ ਨਾ ਦੇਣ ’ਤੇ ਨਤੀਜਾ ਰੋਕਣ ਦੀਆਂ ਧਮਕੀਆਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਆਪਣੇ ਅਧਿਆਪਕਾਂ ਨੂੰ ਤਨਖਾਹਾਂ ਦੇਣ ਦੇ ਇਵਜ਼ ਵਿੱਚ ਫੀਸ ਮੰਗੀ ਜਾ ਰਹੀ ਹੈ ਜਦਕਿ ਸਕੂਲ ਨੇ ਹਾਲੇ ਤੱਕ ਆਪਣੀ ਵੈੱਬਸਾਈਟ ’ਤੇ ਆਪਣੀ ਆਮਦਨ ਦੇ ਅਸਾਸੇ ਨਹੀਂ ਦਰਸਾਏ। ਇਸ ਤੋਂ ਇਲਾਵਾ ਸਕੂਲ ਵੱਲੋਂ ਫੀਸਾਂ ਵਿੱਚ ਲੁਕਵੇਂ ਫੰਡ ਵੀ ਮੰਗੇ ਜਾ ਰਹੇ ਹਨ।
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਕਰੋਨਾ ਕਾਰਨ ਲੋਕਾਂ ਦੇ ਕੰਮ ਬੰਦ ਹਨ ਤੇ ਸਕੂਲ ਵਿਦਿਆਰਥੀਆਂ ਤੋਂ ਫੀਸਾਂ ਮੰਗ ਕੇ ਉਨ੍ਹਾਂ ਦੇ ਮਾਪਿਆਂ ਦੀ ਪ੍ਰੇਸ਼ਾਨੀ ਵਧਾ ਰਹੇ ਹਨ।
ਸਕੂਲਾਂ ਨੇ ਵੈੱਬਸਾਈਟ ’ਤੇ ਨਹੀਂ ਨਸ਼ਰ ਕੀਤੀ ਆਮਦਨੀ
ਸਕੂਲਾਂ ਨੇ ਵਿਭਾਗ ਨੇ ਪਿਛਲੇ ਸਾਲ ਸਕੂਲਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੀ ਆਮਦਨੀ ਦੇ ਵੇਰਵੇ ਆਪਣੀ ਵੈੱਬਸਾਈਟ ਤੇ ਸਕੂਲ ਦੇ ਨੋਟਿਸ ਬੋਰਡਾਂ ’ਤੇ ਜਨਤਕ ਕਰਨ। ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਸਕੂਲ ਵਾਲੇ ਜਾਣ-ਬੁੱਝ ਕੇ ਦਿਖਾਵਾ ਕਰ ਰਹੇ ਹਨ ਕਿ ਉਹ ਘਾਟੇ ਵਿੱਚ ਚਲ ਰਹੇ ਹਨ ਜਦਕਿ ਸੂਚਨਾ ਦੇ ਅਧਿਕਾਰ ਤਹਿਤ ਖੁਲਾਸਾ ਹੋਇਆ ਹੈ ਕਿ ਇੱਥੋਂ ਦੇ ਨਿੱਜੀ ਸਕੂਲ ਨੇ ਪੰਜ ਸਾਲ ਪਹਿਲਾਂ ਆਪਣੀ ਜ਼ਮੀਨ ਗਿਰਵੀ ਰੱਖੀ ਸੀ ਪਰ ਦੋ ਸਾਲ ਪਹਿਲਾਂ ਇਸ ਸਕੂਲ ਦਾ ਮੁਨਾਫਾ ਕਰੋੜ ਰੁਪਏ ਹੋ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਕੂਲਾਂ ’ਤੇ ਸਖਤੀ ਕਰੇ। ਇਕ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਹਰ ਸਕੂਲ ਆਪਣੀ ਟਿਊਸ਼ਨ ਫੀਸ ਅੱਡ ਕਰ ਕੇ ਆਪਣੀ ਵੈੱਬਸਾਈਟ ’ਤੇ ਅਪਲੋਡ ਕਰੇ ਤਾਂ ਕਿ ਮਾਪਿਆਂ ਦਾ ਸ਼ੋਸ਼ਣ ਨਾ ਹੋਵੇ।