ਹਰਜੀਤ ਸਿੰਘ
ਜ਼ੀਰਕਪੁਰ, 16 ਮਈ
ਮੁੰਬਈ ਵਿੱਚ ਇਕ ਸ਼ੋਅ ਦੌਰਾਨ ਦਾੜੀ ਮੁੱਛਾਂ ਬਾਰੇ ਮਾੜੀ ਟਿੱਪਣੀ ਕਰਨ ਤੋਂ ਭੜਕੇ ਸਿੱਖ ਸਮਾਜ ਅਤੇ ਭਾਰਤੀ ਕਿਸਾਨ ਯੂਨੀਅਨ ਪੁਆਧ ਵੱਲੋਂ ਹਾਸਰਸ ਕਲਾਕਾਰ ਭਾਰਤੀ ਸਿੰਘ ਦਾ ਪੁਤਲਾ ਸਾੜਿਆ ਗਿਆ। ਇੱਥੇ ਭਾਰਤੀ ਕਿਸਾਨ ਯੂਨੀਅਨ ਪੁਆਧ ਦੇ ਵੱਖ-ਵੱਖ ਇਕਾਈਆਂ ਦੇ ਪ੍ਰਧਾਨਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਟਿੱਪਣੀ ਦੀ ਨਿਖੇਧੀ ਕਰਦਿਆਂ ਰੋਸ ਪ੍ਰਗਟਾਇਆ। ਯੂਨੀਅਨ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ, ਮੀਤ ਪ੍ਰਧਾਨ ਸਰਕਲ ਜ਼ੀਰਕਪੁਰ ਬਲਜੀਤ ਸਿੰਘ ਸਿੰਘਪੁਰਾ, ਅਮਰ ਸਿੰਘ ਜ਼ਿਲ੍ਹਾ ਪ੍ਰਧਾਨ, ਰੁਸਤਮ ਸੇਖ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਭਾਰਤੀ ਸਿੰਘ ਵੱਲੋਂ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿੰਘ ਖੁਦ ਗੁਰੂ ਨਗਰੀ ਅੰਮ੍ਰਿਤਸਰ ਦੀ ਵਸਨੀਕ ਹੈ ਅਤੇ ਸਿੱਖਾਂ ਦੀ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿੰਘ ਖ਼ਿਲਾਫ਼ ਛੇਤੀ ਇਕ ਸ਼ਿਕਾਇਤ ਪੁਲੀਸ ਨੂੰ ਦੇ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਏਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ, ਜਗਦੀਪ ਸੱਤੀ ਭੁਡਾ, ਹਰਵਿੰਦਰ ਸਿੰਘ ਰਿੰਕੂ ਛੱਤ ਸਣੇ ਹੋਰ ਅਹੁਦੇਦਾਰ ਹਾਜ਼ਰ ਸਨ।