ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 7 ਮਾਰਚ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵਿੱਚ ਪੰਜਾਬ ਦਾ ਕੰਟਰੋਲ ਖਤਮ ਕਰਨ ਵਿਰੁੱਧ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀ ਵਰਗ, ਮੁਲਾਜ਼ਮਾਂ ਅਤੇ ਆਮ ਵਰਗ ਦੇ ਲੋਕਾਂ ਵਿੱਚ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖੇਤੀ ਕਾਨੂੰਨਾਂ ਵਿਰੁੱਧ ਜਨ ਅੰਦੋਲਨ ਵਿੱਢਣ ਵਾਲੇ ਕਿਸਾਨ ਸੰਗਠਨਾਂ ਨੇ ਹੁਣ ਬੀਬੀਐੱਮਬੀ ਦੇ ਮੁੱਦੇ ’ਤੇ ਮੋਦੀ ਸਰਕਾਰ ਵਿਰੁੱਧ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਪਹਿਲੇ ਪੜਾਅ ਵਜੋਂ ਇਲਾਕੇ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਸੋਮਵਾਰ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਵਿਰੋਧੀ ਤਾਜ਼ਾ ਫੈਸਲਾ ਰੱਦ ਕਰਵਾਉਣ ਲਈ ਡੀਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ, ਪ੍ਰੋ. ਮਨਜੀਤ ਸਿੰਘ, ਕਿਸਾਨ ਯੂਨੀਅਨ (ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਪੂਨੀਆ, ਸਕੱਤਰ ਪਰਮਪ੍ਰੀਤ ਸਿੰਘ ਖਾਨਪੁਰੀ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਪਰਮਦੀਪ ਸਿੰਘ ਬੈਦਵਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਬੀਬੀਐੱਮਬੀ ’ਚੋਂ ਨੁਮਾਇੰਦਗੀ ਖਤਮ ਕਰਨ ਨਾਲ ਸੂਬਿਆਂ ਦੇ ਪਾਣੀਆਂ ਸਮੇਤ ਹੈੱਡ ਵਰਕਸਾਂ ਉੱਤੇ ਕੰਟਰੋਲ ਦੇ ਅਧਿਕਾਰ ਖਤਮ ਹੋ ਜਾਣਗੇ। ਇਸ ਮੌਕੇ ਜਸਵਿੰਦਰ ਸਿੰਘ ਅਮਰਾਲਾ, ਅਵਤਾਰ ਸਿੰਘ, ਹਰਦੀਪ ਸਿੰਘ ਬਲਟਾਣਾ, ਕਰਨੈਲ ਸਿੰਘ ਤੋਗਾਪੁਰ, ਜਸਪਾਲ ਸਿੰਘ ਢਿੱਲੋਂ, ਕਰਮ ਸਿੰਘ ਕਾਰਕੌਰ, ਜਸਪਾਲ ਸਿੰਘ ਲਾਂਡਰਾਂ, ਬਲਵਿੰਦਰ ਸਿੰਘ ਕੁੰਭੜਾ, ਨੈਬ ਸਿੰਘ ਤਸਿੰਬਲੀ, ਕੁਲਵੰਤ ਸਿੰਘ ਜਵੰਦਾ, ਹਿੰਮਾ ਸਿੰਘ ਢੀਂਡਸਾ ਸਮੇਤ ਹੋਰ ਕਿਸਾਨ ਆਗੂ ਮੌਜੂਦ ਸਨ।
ਰੂਪਨਗਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਨੇ ਬੀਬੀਐੱਮਬੀ ਵਿੱਚੋਂ ਪੰਜਾਬ ਦੀ ਨੁੰਮਾਇਦਗੀ ਖਤਮ ਕਰਨ ਅਤੇ ਬੇਮੌਸਮੀ ਬਰਸਾਤ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਲਈ ਅੱਜ ਇੱਥੇ ਬੇਲਾ ਚੌਕ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਰੈਲੀ ਕੱਢੀ ਗਈ ਅਤੇ ਕਚਹਿਰੀਆਂ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸ਼ਮਸ਼ੇਰ ਸਿੰਘ ਸ਼ੇਰਾ ਤੋਂ ਇਲਾਵਾ ਪਰਮਿੰਦਰ ਸਿੰਘ ਚਲਾਕੀ, ਬਹਾਦਰ ਸਿੰਘ ਖੈਰਪੁਰ ਢੰਗਰਾਲੀ, ਰੇਸ਼ਮ ਸਿੰਘ ਬਡਾਲੀ, ਮਾਸਟਰ ਗੁਰਨੈਬ ਸਿੰਘ, ਜਗਮਨਦੀਪ ਸਿੰਘ ਪੜ੍ਹੀ, ਅੰਮ੍ਰਿਤ ਕੌਰ ਨਾਗਰਾ, ਪਰਮਜੀਤ ਕੌਰ ਮੋਰਿੰਡਾ, ਪਰਵਿੰਦਰ ਸਿੰਘ ਅਲੀਪੁਰ, ਨਿਰਮਲ ਸਿੰਘ ਲੌਦੀਮਾਜਰਾ, ਮੋਹਣ ਸਿੰਘ ਧਮਾਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਅੱਗੇ ਝੁਕਦਿਆਂ ਤਿੰਨ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕੀਤਾ ਹੈ, ਪਰ ਪੰਜਾਬ ਦੀ ਕਿਸਾਨੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਬਰਬਾਦ ਕਰ ਕੇ ਉਨ੍ਹਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪਿਛਲੇ ਦਿਨੀਂ ਬੇਮੌਸਮੀ ਬਰਸਾਤ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਹਨ, ਉਨ੍ਹਾਂ ਦੀਆਂ ਜ਼ਮੀਨਾਂ ਦੀ ਇੱਕ ਹਫ਼ਤੇ ਅੰਦਰ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਇੱਕ ਹਫ਼ਤੇ ਅੰਦਰ ਗਿਰਦਾਵਰੀ ਨਾ ਕਰਵਾਈ ਗਈ ਤਾਂ ਉਹ ਨੈਸ਼ਨਲ ਹਾਈਵੇਅ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।