ਕਰਮਜੀਤ ਸਿੰਘ ਚਿੱਲਾ
ਬਨੂੜ, 30 ਅਗਸਤ
ਪਿੰਡ ਗੀਗੇਮਾਜਰਾ ਦੇ ਗੁਸਾਈਆਣਾ ਮੇਲੇ ਮੌਕੇ ਆਪਸੀ ਧੜੇਬੰਦੀ ਕਾਰਨ ਐਤਕੀਂ ਵੀ ਇੱਕੋ ਦਿਨ ਅਤੇ ਇੱਕ ਸਮੇਂ ਦੋ ਕੁਸ਼ਤੀ ਦੰਗਲ ਕਰਵਾਏ ਗਏ। ਦੋਵਾਂ ਦੰਗਲਾਂ ਵਿੱਚ ਵੱਡੀ ਝੰਡੀ ਦੇ ਜੇਤੂਆਂ ਨੂੰ ਟਰੈਕਟਰ ਇਨਾਮ ਵਜੋਂ ਦਿੱਤੇ ਗਏ। ਇੱਕ ਪਾਸੇ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਪਰਵਿੰਦਰ ਸਿੰਘ ਸੋਹਾਣਾ ਹਾਜ਼ਰ ਰਹੇ ਤੇ ਦੂਜੇ ਪਾਸੇ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਅਵਤਾਰ ਸਿੰਘ ਮੌਲੀ ਮੌਜੂਦ ਰਹੇ। ਦੋਵੇਂ ਪਾਸੇ ਡੇਢ-ਡੇਢ ਸੌ ਦੇ ਕਰੀਬ ਭਲਵਾਨਾਂ ਦੀਆਂ ਕੁਸ਼ਤੀਆਂ ਹੋਈਆਂ।
ਪਿਛਲੇ ਵਰ੍ਹੇ ਵੀ ਮੇਲੇ ਮੌਕੇ ਪਿੰਡ ਵਿੱਚ ਦੋ ਕੁਸ਼ਤੀ ਦੰਗਲ ਹੋਏ ਸਨ। ਮੱਖਣ ਸਿੰਘ ਫੌਜੀ, ਨਰਿੰਦਰ ਕੁਮਾਰ ਆਦਿ ਦੀ ਅਗਵਾਈ ਹੇਠ ਹੋਏ ਦੰਗਲ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਓਮੇਸ਼ ਮਥੁਰਾ ਅਤੇ ਸੋਨੂੰ ਚੀਮਾ ਦਰਮਿਆਨ ਬਰਾਬਰ ਰਹੀ। ਦੋਹਾਂ ਭਲਵਾਨਾਂ ਨੂੰ ਮੈਸੀ ਫ਼ਰਗੂਸ਼ਨ 241 ਟਰੈਕਟਰ ਇਨਾਮ ਵਿੱਚ ਦਿੱਤਾ ਗਿਆ। ਦੂਜੀ ਝੰਡੀ ਦੀ ਕੁਸ਼ਤੀ ਵਿੱਚ ਕਮਲਜੀਤ ਡੂਮਛੇੜੀ ਨੇ ਜਿੱਤੀ। ਦੂਜਾ ਕੁਸ਼ਤੀ ਦੰਗਲ ਬਾਬਾ ਦਲਵਿੰਦਰ ਸਿੰਘ, ਸਰਪੰਚ ਤਰਸੇਮ ਸਿੰਘ ਵੱਲੋਂ ਕਰਵਾਇਆ ਗਿਆ। ਵੱਡੀ ਝੰਡੀ ਦੀ ਕੁਸ਼ਤੀ ਵਿੱਚ ਭੂਪਿੰਦਰ ਅਜਨਾਲਾ ਨੇ ਨਿਊ ਹਾਲੈਂਡ ਟਰੈਕਟਰ ਜਿੱਤਿਆ। ਦੂਜੀ ਝੰਡੀ ਦੀ ਡੇਢ ਲੱਖ ਦੇ ਇਨਾਮ ਦੀ ਕੁਸ਼ਤੀ ਵਿੱਚ ਨਰਿੰਦਰ ਝੰਜੇੜੀ ਤੇ ਮਹਿਰਾਬ ਬਰਾਬਰ ਰਹੇ। ਗੱਜਣ ਸਿੰਘ ਵੱਲੋਂ ਆਪਣੇ ਪੋਤੇ ਦੀ ਖੁਸ਼ੀ ਵਿੱਚ ਕਰਾਈ ਗਈ 31 ਹਜ਼ਾਰ ਦੇ ਇਨਾਮ ਵਾਲੀ ਤੀਜੇ ਨੰਬਰ ਦੀ ਕੁਸ਼ਤੀ ਮਾਨ ਘੱਗਰ ਸਰਾਏਂ ਅਤੇ ਹੈਪੀ ਬਲਾੜੀ ਵਿਚਾਲੇ ਬਰਾਬਰ ਰਹੀ।