ਹਰਜੀਤ ਸਿੰਘ
ਡੇਰਾਬੱਸੀ, 27 ਸਤੰਬਰ
ਇਥੋਂ ਦੀ ਖਸਤਾ ਹਾਲ ਬਰਵਾਲਾ ਸੜਕ ਦੀ ਹਾਲਤ ਸੁਧਾਰਨ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਖ਼ਤ ਨੋਟਿਸ ਲਿਆ ਹੈ। ਸ੍ਰੀ ਰੰਧਾਵਾ ਦੀ ਹਦਾਇਤ ਮਗਰੋਂ ਸੜਕ ’ਤੇ ਖੱਡੇ ਭਰਨ ਦਾ ਕੰਮ ਚਾਲੂ ਕਰ ਦਿੱਤਾ ਹੈ। ਖੱਡੇ ਭਰਨ ਲਈ ਸੜਕ ’ਤੇ ਅੱਜ ਥਾਂ-ਥਾਂ ’ਤੇ ਪ੍ਰੀਮਿਕਸ (ਪੱਥਰ) ਦੇ ਢੇਰ ਲਾ ਕੇ ਕੰਮ ਚਾਲੂ ਕਰ ਦਿੱਤਾ ਹੈ। ਇਸ ਸੜਕ ਦੀ ਖਸਤਾ ਹਾਲਤ ਬਾਰੇ ਪੰਜਾਬੀ ਟ੍ਰਿਬਿਊਨ ਵੱਲੋਂ ਲਗਾਤਾਰ ਖ਼ਬਰਾਂ ਪ੍ਰਕਾਸ਼ਿਤ ਕਰ ਸਮੱਸਿਆ ਨੂੰ ਉਜਾਗਰ ਕੀਤਾ ਜਾ ਰਿਹਾ ਸੀ। ਫਿਲਹਾਲ ਅੱਜ ਸੜਕ ਦਾ ਕੰਮ ਚਾਲੂ ਹੋਣ ਮਗਰੋਂ ਰਾਹਗੀਰਾਂ ਨੂੰ ਥੋੜਾ ਸੁੱਖ ਦਾ ਸਾਹ ਜ਼ਰੂਰ ਮਿਲੇਗਾ।
ਜਾਣਕਾਰੀ ਅਨੁਸਾਰ ਡੇਰਾਬੱਸੀ ਨੂੰ ਬਰਵਾਲਾ ਨਾਲ ਜੋੜਨ ਵਾਲੀ ਇਹ ਇਕ ਅਹਿਮ ਸੜਕ ਹੈ। ਇਥੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਲੰਮੇ ਸਮੇਂ ਤੋਂ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਇਹ ਸੜਕ ਬੁਰੀ ਤਰ੍ਹਾਂ ਟੁੱਟ ਗਈ ਸੀ। ਲੰਘੇ ਕੱਲ੍ਹ ਵਰਦ੍ਹੇ ਮੀਂਹ ਵਿੱਚ ਸਥਾਨਕ ਲੋਕਾਂ ਵੱਲੋਂ ਇਸ ਸੜਕ ’ਤੇ ਮੁਜ਼ਾਹਰਾ ਕੀਤਾ ਗਿਆ। ਵਿਧਾਇਕ ਸ੍ਰੀ ਰੰਧਾਵਾ ਵੱਲੋਂ ਅਗਲੇ ਦਿਨ ਹੀ ਅੱਜ ਕੰਮ ਚਾਲੂ ਕਰਵਾ ਦਿੱਤਾ ਗਿਆ ਹੈ।
ਗੱਲ ਕਰਨ ’ਤੇ ਸ੍ਰੀ ਰੰਧਾਵਾ ਨੇ ਕਿਹਾ ਕਿ ਇਸ ਸੜਕ ਦੀ ਮਾੜੀ ਹਾਲਤ ਬਾਰੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਸੀ। ਉਸ ਵੇਲੇ ਸਬੰਧਤ ਮੰਤਰੀ ਨੇ ਛੇਤੀ ਸੜਕ ਨੂੰ ਬਣਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਛੇਤੀ ਇਸ ਸੜਕ ਦਾ ਕੰਮ ਚਾਲੂ ਹੋ ਜਾਵੇਗਾ। ਫਿਲਹਾਲ ਆਰਜ਼ੀ ਤੌਰ ’ਤੇ ਸੜਕ ਦਾ ਖੱਡੇ ਭਰਨ ਦਾ ਕੰਮ ਚਾਲੂ ਹੋ ਗਿਆ ਹੈ।