ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 18 ਫਰਵਰੀ
ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਅੱਜ ਸ਼ਹਿਰ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਕੇ ਸ਼ਕਤੀ ਪ੍ਰਦਰਸ਼ਨ ਕੀਤਾ। ਫੇਜ਼ ਗਿਆਰਾਂ ਤੋਂ ਛੇ ਫੇਜ਼ ਤੱਕ ਕੱਢੇ ਗਏ ਇਸ ਰੋਡ ਸ਼ੋਅ ਵਿੱਚ ਕਾਰਾਂ, ਟਰੈਕਟਰਾਂ, ਆਟੋ, ਮੋਟਰਸਾਈਕਲ ਸ਼ਾਮਲ ਹੋਏ। ਸ੍ਰੀ ਸਿੱਧੂ ਦਾ ਮਾਰਕੀਟ ਐਸੋਸੀਏਸ਼ਨਾਂ ਤੇ ਦੁਕਾਨਦਾਰਾਂ ਨੇ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ। ਰੋਡ ਸ਼ੋਅ ਦੀ ਆਰੰਭਤਾ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਭਾਵੁਕ ਤਕਰੀਰ ਕਰਦਿਆਂ ਮੁਹਾਲੀ ਹਲਕਾ ਵਾਸੀਆਂ ਵੱਲੋਂ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਉਨ੍ਹਾਂ ਨੂੰ ਵਿਧਾਇਕੀ ਦੇ ਰੂਪ ਵਿੱਚ ਦਿੱਤੇ ਜਾ ਰਹੇ ਪਿਆਰ ਸਤਿਕਾਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਮੁਹਾਲੀ ਹਲਕੇ ਦੇ ਵਸਨੀਕਾਂ ਦੇ ਹਮੇਸ਼ਾ ਕਰਜ਼ਦਾਰ ਹਨ ਅੇ ਇਸ ਪਿਆਰ ਦਾ ਉਹ ਜ਼ਿੰਦਗੀ ਭਰ ਕਰਜ਼ਾ ਨਹੀਂ ਚੁਕਾ ਸਕਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਵਿੱਚ ਕਰਾਏ ਵਿਕਾਸ ਦੇ ਨਾਮ ਉੱਤੇ ਚੋਣ ਮੈਦਾਨ ਵਿੱਚ ਆਏ ਹਨ।
ਪੰਚਾਇਤੀ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਸਿੱਧੂ ਨੂੰ ਜਿਤਾਉਣ ਦੀ ਅਪੀਲ
ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਮੈਨ ਜਸਵਿੰਦਰ ਕੌਰ ਦੁਰਾਲੀ, ਜ਼ਿਲ੍ਹਾ ਪਰਿਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਪੰਚਾਇਤ ਸਮਿਤੀ ਦੀ ਚੇਅਰਮੈਨ ਰਣਵੀਰ ਕੌਰ ਬੜ੍ਹੀ, ਉੱਪ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਪੰਚਾਇਤ ਸਮਿਤੀ ਮੈਂਬਰ ਗੁਰਦੀਪ ਸਿੰਘ ਮਨੌਲੀ, ਰਾਜਿੰਦਰ ਸਿੰਘ ਰਾਏਪੁਰ ਕਲਾਂ ਆਦਿ ਨੇ ਮੁਹਾਲੀ ਹਲਕੇ ਦੇ ਵੋਟਰਾਂ ਨੂੰ ਬਲਬੀਰ ਸਿੱਧੂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ।