ਆਤਿਸ਼ ਗੁਪਤਾ
ਚੰਡੀਗੜ੍ਹ, 7 ਸਤੰਬਰ
ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਤੇ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਨੇ ‘ਪੋਸ਼ਣ ਮਾਹ-2020’ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਚੰਡੀਗੜ੍ਹ ਵਿੱਚੋਂ ਕੁਪੋਸ਼ਣ ਨੂੰ ਖਤਮ ਕਰਨ ਲਈ ਲੋਕਾਂ ਨੂੰ ਵੱਧ ਚੜ੍ਹ ਕੇ ਯੋਗਦਾਨ ਦੇਣ ਲਈ ਕਿਹਾ ਹੈ। ਊਨ੍ਹਾਂ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਸਕੱਤਰ (ਸਮਾਜ ਕਲਿਆਣ) ਯਸ਼ਪਾਲ ਗਰਗ, ਡਾਇਰੈਕਟਰ (ਸਮਾਜ ਕਲਿਆਣ ਮਹਿਲਾ ਅਤੇ ਬਾਲ ਵਿਕਾਸ) ਨਵਜੋਤ ਕੌਰ ਹਾਜ਼ਰ ਸਨ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੋਸ਼ਣ ਮੁਹਿੰਮ ਸਬੰਧੀ ਸਤੰਬਰ-2020 ’ਚ ਵੱਖ-ਵੱਖ ਆਨਲਾਈਨ ਪ੍ਰਤੀਯੋਗਿਤਾਵਾਂ ਅਤੇ ਹੋਰ ਸਾਮਾਜਿਕ ਗਤੀਵਿਧੀਆਂ ਕਰਵਾਈ ਜਾਣਗੀਆਂ ਜਿਸ ’ਚ ਗਰੁੱਪ ਚਰਚਾ, ਵਰਚੁਅਲ ਪ੍ਰੈੱਸ ਕਾਨਫਰੰਸ ਸ਼ਾਮਲ ਹੋਵੇਗੀ। ਮੁਹਿੰਮ ’ਚ ਦੁਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੀ ਭਾਗੀਦਾਰੀ ਵੀ ਸ਼ਾਮਲ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਵੇਖਦਿਆ ਇਨ੍ਹਾਂ ਗਤੀਵਿਧੀਆਂ ਨੂੰ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਆਂਗਨਵਾੜੀ ਕੇਂਦਰਾਂ ਵਿੱਚ ਕੁਪੋਸ਼ਣ ਦੇ ਖਾਤਮੇ ਲਈ ਜਾਗਰੂਕ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ‘ਪੋਸ਼ਣ ਅਭਿਆਨ’ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2018 ਵਿੱਚ ਕੀਤੀ ਗਈ ਸੀ। ਇਸ ਮੁਹਿੰਮ ਵਿੱਚ ਕੁਪੋਸ਼ਣ ਦਾ ਸ਼ਿਕਾਰ ਬੱਚਿਆਂ ਦੀ ਸ਼ਨਾਖਤ ਕੀਤੀ ਜਾਂਦੀ ਹੈ ਤੇ ਊਨ੍ਹਾਂ ਲਈ ਪੌਸ਼ਟਿਕ ਭੋਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ।