ਆਤਿਸ਼ ਗੁਪਤਾ
ਚੰਡੀਗੜ੍ਹ, 11 ਅਗਸਤ
ਚੰਡੀਗੜ੍ਹ ਸ਼ਹਿਰ ਨੂੰ ਅਤਿ-ਆਧੁਨਿਕ ਅਤੇ ਪ੍ਰਦੂਸ਼ਣਮੁਕਤ ਬਣਾਉਣ ਦੇ ਮਕਸਦ ਨਾਲ ਚੰਡੀਗੜ੍ਹ ਪਹੁੰਚੀ ਇਲੈਕਟ੍ਰਿਕ ਬੱਸ ਦਾ ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਉਦਘਾਟਨ ਕੀਤਾ ਗਿਆ। ਇਸ ਇਲੈਕਟ੍ਰਿਕ ਬੱਸ ਨੂੰ ਸ੍ਰੀ ਬਦਨੌਰ ਨੇ ਪੰਜਾਬ ਰਾਜ ਭਵਨ ਤੋਂ ਹਰੀ ਝੰਡੀ ਦਿਖਾਈ।
ਯੂਟੀ ਪ੍ਰਸ਼ਾਸਨ ਵੱਲੋਂ ਕਿਲੋਮੀਟਰ ਸਕੀਮ ਤਹਿਤ ਸ਼ੁਰੂ ਕੀਤੀ ਗਈ ਇਲੈਕਟ੍ਰਿਕ ਬੱਸ ਨੂੰ ਸ਼ੁਰੂਆਤ ’ਚ 20 ਦਿਨਾਂ ਲਈ ਚਲਾਇਆ ਜਾਵੇਗਾ। ਇਹ ਬੱਸ ਪੀਜੀਆਈ, ਮਨੀਮਾਜਰਾ ਅਤੇ ਮੱਧ ਮਾਰਗ ਵਾਲੇ ਰੂਟ ’ਤੇ ਚੱਲੇਗੀ। ਟਰਾਇਲ ਤੋਂ ਬਾਅਦ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਆਮ ਲੋਕਾਂ ਲਈ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਕੋਲ 30 ਸਤੰਬਰ 2021 ਤੱਕ 19 ਅਤੇ ਅਕਤੂਬਰ 2021 ਵਿੱਚ 20 ਹੋਰ ਹੋਰ ਇਲੈਕਟ੍ਰਿਕ ਬੱਸਾਂ ਪਹੁੰਚ ਰਹੀਆਂ ਹਨ। ਇਨ੍ਹਾਂ ਬੱਸਾਂ ਨੂੰ ਸਾਲ 2022 ਦੀ ਸ਼ੁਰੂਆਤ ਤੋਂ ਹੀ ਸੜਕਾਂ ’ਤੇ ਚਲਾਏ ਜਾਣ ਦੀ ਆਸ ਹੈ। ਕੇਂਦਰ ਸਰਕਾਰ ਨੇ ਸਿਟੀ ਬਿਊਟੀਫੁੱਲ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਟੀਚੇ ਨਾਲ ਸ਼ਹਿਰ ਨੂੰ 80 ਇਲੈਕਟ੍ਰਿਕ ਬੱਸਾਂ ਦੇਣ ਦਾ ਫ਼ੈਸਲਾ ਲਿਆ ਹੈ। ਇਸ ਫੈਸਲੇ ਤਹਿਤ ਪਹਿਲੇ ਗੇੜ ’ਚ 40 ਇਲੈਕਟ੍ਰਿਕ ਬੱਸਾਂ ਚਲਾਈਆਂ ਜਾ ਰਹੀਆਂ ਹਨ ਜਦਕਿ ਬਾਅਦ ਵਿੱਚ 40 ਹੋਰ ਬੱਸਾਂ ਚਲਾਈਆਂ ਜਾਣਗੀਆਂ। ਇਹ ਇਲੈਕਟ੍ਰਿਕ ਬੱਸਾਂ ਏ.ਸੀ. ਦੀ ਸਹੂਲਤ ਨਾਲ ਲੈਸ ਹਨ। ਇਸ ਬੱਸ ਵਿੱਚ 35 ਸਵਾਰੀਆਂ ਬੈਠ ਕੇ ਅਤੇ 20 ਸਵਾਰੀਆਂ ਖੜ੍ਹੀਆਂ ਹੋ ਕੇ ਸਫ਼ਰ ਕਰ ਸਕਦੀਆਂ ਹਨ। ਬੱਸ ਵਿੱਚ ਮੋਬਾਈਲ ਚਾਰਜਿੰਗ ਲਈ ਪੁਆਇੰਟ ਅਤੇ ਪੈਨਿਕ ਬਟਨ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ, ਜਿਸ ਦੀ ਲੋੜ ਪੈਣ ’ਤੇ ਵਰਤੋਂ ਕੀਤੀ ਜਾ ਸਕੇਗੀ। ਯੂਟੀ ਪ੍ਰਸ਼ਾਸਨ ਨੇ ਟੈਂਡਰ ਜਾਰੀ ਕਰ ਕੇ 10 ਸਾਲਾਂ ਦੀ ਸਰਵਿਸ ਤੇ ਹੋਰ ਸਹੂਲਤਾਂ ਲਈ ਕੰਪਨੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਸੀ। ਉਸ ਵੇਲੇ ਤਿੰਨ ਕੰਪਨੀਆਂ ਅੱਗੇ ਆਈਆਂ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਘੱਟ ਬੋਲੀ ਲਗਾਉਣ ਵਾਲੀ ਕੰਪਨੀ ਨੂੰ 10 ਸਾਲਾਂ ਲਈ ਬੱਸਾਂ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ।
ਪ੍ਰਸ਼ਾਸਨ ਵੱਲੋਂ ਕੰਪਨੀ ਨੂੰ 60 ਰੁਪਏ ਪ੍ਰਤੀ ਕਿਲੋਮੀਟਰ ਦਿੱਤੇ ਜਾਣਗੇ। ਸੀਟੀਯੂ ਕੋਲ ਕੁੱਲ 514 ਬੱਸਾਂ ਹਨ ਜਿਨ੍ਹਾਂ ਵਿੱਚ 361 ਲੋਕਲ ਤੇ ਆਲੇ-ਦੁਆਲੇ ਚੱਲ ਰਹੀਆਂ ਹਨ, ਜਦਕਿ 153 ਬੱਸਾਂ ਅੰਤਰਰਾਜੀ ਰੂਟਾਂ ’ਤੇ ਚੱਲ ਰਹੀਆਂ ਹਨ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਤੇ ਹੋਰ ਅਧਿਕਾਰੀ ਹਾਜ਼ਰ ਸਨ।
1.62 ਕਰੋੜ ਨਾਲ 12 ਪੁਲੀਸ ਥਾਣਿਆਂ ’ਤੇ ਲੱਗੇ ਸੋਲਰ ਪਲਾਂਟ
ਰਾਜ ਭਵਨ ਵਿਚ ਇਲੈਕਟ੍ਰਿਕ ਬੱਸ ਨੂੰ ਝੰਡੀ ਦਿਖਾਉਣ ਤੋਂ ਬਾਅਦ ਪ੍ਰਸ਼ਾਸਕ ਖ਼ੁਦ ਇਸ ਬੱਸ ਵਿੱਚ ਬੈਠ ਕੇ ਸੈਕਟਰ-17 ਪੁਲੀਸ ਥਾਣੇ ਪਹੁੰਚੇ, ਜਿੱਥੇ ਉਨ੍ਹਾਂ ਸ਼ਹਿਰ ਦੇ 12 ਪੁਲੀਸ ਥਾਣਿਆਂ ’ਤੇ 1.62 ਕਰੋੜ ਦੀ ਲਾਗਤ ਨਾਲ ਲਗਾਏ ਗਏ ਸੋਲਰ ਥਰਮਲ ਪਲਾਂਟਾਂ ਸਬੰਧੀ ਪ੍ਰਾਜੈਕਟ ਦਾ ਉਦਘਾਟਨ ਕੀਤਾ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਸ਼ਹਿਰ ਨੂੰ ਸੋਲਰ ਸਿਟੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਸਰਕਾਰੀ ਦਫ਼ਤਰਾਂ ਅਤੇ ਇਮਾਰਤਾਂ ’ਤੇ ਸੋਲਰ ਪਾਵਰ ਪਲਾਂਟ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਯੂਟੀ ਦੇ 12 ਪੁਲੀਸ ਥਾਣਿਆਂ ’ਤੇ ਸੋਲਰ ਪਾਵਰ ਪਲਾਂਟ ਲਗਾਏ ਗਏ ਹਨ ਤੇ ਇਸ ਪ੍ਰਾਜੈਕਟ ਦਾ ਉਦਘਾਟਨ ਅੱਜ ਸ੍ਰੀ ਬਦਨੌਰ ਨੇ ਸੈਕਟਰ-17 ਪੁਲੀਸ ਸਟੇਸ਼ਨ ਤੋਂ ਕੀਤਾ। 325 ਕਿਲੋਵਾਟ ਪਾਵਰ ਦੇ 12 ਸੋਲਰ ਪਾਵਰ ਪਲਾਂਟਾਂ ’ਤੇ 1.62 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪਾਵਰ ਪਲਾਂਟਾਂ ਰਾਹੀਂ 4.22 ਲੱਖ ਯੂਨਿਟ ਬਿਜਲੀ ਦੀ ਪੈਦਾਵਾਰ ਹੋਣ ਦੀ ਆਸ ਹੈ ਜਿਸ ਨਾਲ ਥਾਣਿਆਂ ਦੀ ਬਿਜਲੀ ਦੀ ਜ਼ਰੂਰਤ ਪੂਰੀ ਹੋ ਸਕੇਗੀ।
ਥਾਣਿਆਂ ਦਾ ਕੰਮ ਆਨਲਾਈਨ ਹੋਵੇਗਾ
ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਸ਼ਹਿਰ ਦੇ ਪੁਲੀਸ ਥਾਣਿਆਂ ਦੇ ਕੰਮ ਨੂੰ ਆਨਲਾਈਨ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੂਟੀ ਦੇ ਸਾਰੇ ਵਿਭਾਗਾਂ ਦਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ। ਇਸੇ ਤਰਜ਼ ’ਤੇ ਪੁਲੀਸ ਥਾਣਿਆਂ ਦਾ ਕੰਮ ਵੀ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਰਿਕਾਰਡ ਆਸਾਨੀ ਅਤੇ ਜਲਦੀ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਸਿਸਟਮ ਰਾਹੀਂ ਕਾਗਜ਼ੀ ਕੰਮ ਘਟੇਗਾ ਅਤੇ ਲੋਕਾਂ ਦੇ ਕੰਮ ਤੇਜ਼ੀ ਨਾਲ ਹੋ ਸਕਣਗੇ।