ਸਰਬਜੀਤ ਸਿੰਘ ਭੱਟੀ
ਲਾਲੜੂ, 3 ਅਗਸਤ
ਕੇਂਦਰ ਸਰਕਾਰ ਦੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਹੁਣ ਲੋੜਵੰਦ ਲੋਕਾਂ ਲਈ ‘ਮਜ਼ਾਕ’ ਬਣ ਗਈ ਹੈ। ਲੋੜਵੰਦਾਂ ਦੇ ਹੱਥ ਵਿੱਚ ਆਯੂਸ਼ਮਾਨ ਕਾਰਡ ਤਾਂ ਹੈ, ਪਰ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ। ਅਜਿਹਾ ਮਾਮਲਾ ਲਾਲੜੂ ਵਾਸੀ ਪਰਿਵਾਰ ਦੀ ਬਿਰਧ ਨਾਲ ਵਾਪਰਿਆ, ਜੋ ਗੋਡਿਆਂ ਦੇ ਅਪਰੇਸ਼ਨ ਲਈ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਸੀ। ਉਸ ਨੂੰ ਬਿਨਾਂ ਅਪਰੇਸ਼ਨ ਕੀਤੇ ਇਹ ਕਹਿ ਕੇ ਵਾਪਸ ਘਰ ਭੇਜ ਦਿੱਤਾ ਕਿ ਉਹ ਪੰਜਾਬ ਦੀ ਵਸਨੀਕ ਹੈ ਅਤੇ ਪੀਜੀਆਈ ਵਿੱਚ ਆਯੂਸ਼ਮਾਨ ਯੋਜਨਾ ਦਾ ਲਾਭ ਨਹੀਂ ਲੈ ਸਕਦੀ। ਪੀੜਤ ਪਰਿਵਾਰ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।
ਬਿਰਧ ਕੈਲਾਸ਼ ਰਾਣੀ (75) ਪਤਨੀ ਨਾਨਕ ਚੰਦ ਵਾਸੀ ਲਾਲੜੂ ਮੰਡੀ ਨੇ ਦੱਸਿਆ ਕਿ ਉਸ ਦੇ ਗੋਡਿਆਂ ਵਿੱਚ ਤਕਲੀਫ ਸੀ ਅਤੇ ਉਹ ਆਯੂਸ਼ਮਾਨ ਕਾਰਡ ਲੈ ਕੇ ਪੀਜੀਆਈ ਇਲਾਜ ਲਈ ਗਈ ਸੀ। ਡਾਕਟਰਾਂ ਨੇ ਉਸ ਨੂੰ 15 ਦਿਨ ਹਸਪਤਾਲ ਵਿੱਚ ਰੱਖਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਆਯੂਸ਼ਮਾਨ ਕਾਰਡ ਵਿਖਾਇਆ ਤਾਂ ਪੀਜੀਆਈ ਨੇ ਇਸ ਕਾਰਡ ’ਤੇ ਇਲਾਜ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਬਿਰਧ ਪੰਜਾਬ ਦੀ ਵਸਨੀਕ ਹੈ ਜਿਸ ਕਾਰਨ ਪੀਜੀਆਈ ਵਿੱਚ ਕਾਰਡ ਨਹੀਂ ਚਲੇਗਾ। ਡਾਕਟਰਾਂ ਨੇ ਅਪਰੇਸ਼ਨ ਦਾ ਖਰਚਾ ਕਰੀਬ ਤਿੰਨ ਲੱਖ ਰੁਪਏ ਦੱਸਿਆ ਤੇ ਡੇਢ ਲੱਖ ਰੁਪਏ ਪਹਿਲਾਂ ਜਮ੍ਹਾਂ ਕਰਾਉਣ ਲਈ ਕਿਹਾ। ਲੋੜਵੰਦ ਪਰਿਵਾਰ ਪੈਸੇ ਨਹੀਂ ਜਮ੍ਹਾਂ ਕਰਵਾ ਸਕਿਆ ਜਿਸ ਕਾਰਨ ਬਿਨਾਂ ਇਲਾਜ ਕੀਤੇ ਹੀ ਪੀਜੀਆਈ ਨੇ ਬਿਰਧ ਨੂੰ ਘਰ ਭੇਜ ਦਿੱਤਾ। ਬਿਰਧ ਕੈਲਾਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਖਰਚਾ ਬੁਢਾਪਾ ਪੈਨਸ਼ਨ ਨਾਲ ਚਲਦਾ ਹੈ ਅਤੇ ਉਹ ਇਲਾਜ ਲਈ ਪੈਸੇ ਇਕੱਠੇ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਆਯੂਸ਼ਮਾਨ ਕਾਰਡ ’ਤੇ ਇਲਾਜ ਨਹੀਂ ਹੋਣਾ ਤਾਂ ਫਿਰ ਇਸ ਨੂੰ ਬਣਾਉਣ ਦਾ ਕੋਈ ਫਾਈਦਾ ਨਹੀਂ।