ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਈ
ਸਥਾਨਕ ਪੁਲੀਸ ਸ਼ਹਿਰ ਵਿੱਚ ਸਾਈਬਰ ਅਪਰਾਧ ’ਤੇ ਠੱਲ੍ਹ ਪਾਉਣ ਦੇ ਦਾਅਵੇ ਕਰਦੀ ਹੈ ਪਰ ਲੋਕਾਂ ਨਾਲ ਧੋਖਾਧੜੀਆਂ ਕਰਨ ਤੋਂ ਸਾਈਬਰ ਅਪਰਾਧੀ ਬਾਜ਼ ਨਹੀਂ ਆ ਰਹੇ। ਤਾਜ਼ਾ ਕੇਸ ਵਿੱਚ ਸਾਈਬਰ ਅਪਰਾਧੀਆਂ ਨੇ ਵਟਸਐਪ ’ਤੇ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਦੀ ਤਸਵੀਰ ਲਗਾ ਕੇ ਐਮੇਜ਼ੋਨ ਦੇ ਗਿਫ਼ਟ ਵਾਊਚਰਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਪੁਲੀਸ ਦੇ ਹੱਥ ਖਾਲੀ ਹਨ।
ਇਸੇ ਦੌਰਾਨ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਨੇ ਆਪਣੇ ਟਵਿੱਟਰ ਐਕਾਊਂਟ ਰਾਹੀ ਲੋਕਾਂ ਨੂੰ ਸੂਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਤਸਵੀਰ ਅਤੇ ਨਾਮ ਦੀ ਦੁਰਵਰਤੋਂ ਕਰਕੇ ਐਮੇਜ਼ੋਨ ਦੇ ਗਿਫ਼ਟ ਵਾਊਚਰ ਮੰਗੇ ਜਾ ਰਹੇ ਹਨ। ਇਹ ਸ਼ਰਾਰਤੀ ਅਨਸਰਾਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਅਜਿਹਾ ਸੁਨੇਹਾ ਆਉਂਦਾ ਹੈ ਤਾਂ ਉਹ ਤੁਰੰਤ ਪੁਲੀਸ ਨੂੰ ਸੂਚਿਤ ਕਰਨ। ਇਸ ਦੇ ਨਾਲ ਹੀ ਡੀਜੀਪੀ ਨੇ ਸਾਈਬਰ ਅਪਰਾਧੀਆ ਵੱਲੋਂ ਵਰਤਿਆ ਜਾਣ ਵਾਲਾ ਵਟਸਐੱਪ ਨੰਬਰ ਵੀ ਸਭ ਨਾਲ ਸਾਂਝਾ ਕੀਤਾ ਹੈ।
ਸਾਈਬਰ ਮਾਹਿਰ ਕੇਸ ਦੀ ਜਾਂਚ ਵਿੱਚ ਜੁਟੇ
ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਦੀ ਤਸਵੀਰ ਦੀ ਗਲਤ ਢੰਗ ਨਾਲ ਵਰਤੋਂ ਕਰਨ ਦੀ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲੀਸ ਅਤੇ ਸਾਈਬਰ ਮਾਹਿਰ ਜਾਂਚ ਵਿੱਚ ਜੁੱਟ ਗਏ ਹਨ। ਮਾਹਿਰਾਂ ਨੇ ਇਸ ਸਾਈਬਰ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਕ ਮਹੀਨੇ ਪਹਿਲਾਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਪ੍ਰਮੁੱਖ ਸਕੱਤਰ ਜੇ.ਐੱਮ. ਬਾਲਾਮੁਰਗਨ ਦੀ ਤਸਵੀਰ ਦੀ ਵਰਤੋਂ ਕਰਦਿਆਂ ਪੰਜਾਬ ਪੁਲੀਸ ਦੇ ਐੱਸਪੀ ਰੈਂਕ ਦੇ ਅਧਿਕਾਰੀ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਐੱਸਪੀ ਨਾਲ ਇਕ ਲੱਖ ਰੁਪਏ ਦੀ ਧੋਖਾਧੜੀ ਹੋ ਗਈ ਸੀ। ਪੁਲੀਸ ਇਸ ਮਾਮਲੇ ਦੀ ਵੀ ਜਾਂਚ ਵੀ ਕਰ ਰਹੀ ਹੈ ਪਰ ਮੁਲਜ਼ਮ ਪੁਲੀਸ ਦੀ ਪਹੁੰਚ ਤੋਂ ਬਾਹਰ ਹਨ।