ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 19 ਨਵੰਬਰ
ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਉਦਘਾਟਨ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ। ਖੇਡਾਂ ਮਨੁੱਖੀ ਜੀਵਨ ਲਈ ਜ਼ਰੂਰੀ ਹਨ। ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿੱਚ ਰੂਪਨ ਕੌਰ ਉਪਲ ਅੰਡਰ 18 ਨੇ 200 ਮੀਟਰ ਵਿੱਚ ਸੋਨ ਤਗ਼ਮਾ, 100 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿਤਿਆ। ਰੱਸਾ- ਕਸ਼ੀ ਨੇ ਅੰਡਰ 20 ਵਰਗ ਦੀ 100 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ, ਵਿਸ਼ਾਲ ਨੇ ਅੰਡਰ 20 ਵਰਗ ਦੇ 800 ਮੀਟਰ ਵਿੱਚ ਕਾਂਸੀ ਅਤੇ 5000 ਮੀਟਰ ਵਿੱਚ ਚਾਂਦੀ ਦਾ, ਰੌਣਕ ਨੇ ਅੰਡਰ 18 ਵਰਗ ਦੇ ਲਾਂਗ ਜੰਪ ਮੁਕਾਬਲੇ ਵਿੱਚ ਸੋਨੇ ਦਾ, ਰਵਿੰਦਰ ਸਿੰਘ (ਓਪਨ) ਨੇ 100 ਮੀਟਰ ਵਿੱਚ ਚਾਂਦੀ ਦਾ, ਕੁਲਵਿੰਦਰ ਸਿੰਘ ਨੇ ਓਪਨ ਜੈਵਲਿਨ ਥਰੋਅ ਵਿੱਚ ਸੋਨੇ ਦਾ, ਜੀਤ ਸਿੰਘ ਨੇ 100 ਮੀਟਰ ਵਿੱਚ ਸੋਨੇ ਅਤੇ ਲੰਬੀ ਛਾਲ ਵਿੱਚ ਚਾਂਦੀ ਦਾ, ਹਿਮਾਂਸ਼ੂ ਕੌਸ਼ਕ ਅੰਡਰ 18 ਨੇ ਡਿਸਕਿਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿਤਿਆ।
ਧਰਮਗੜ੍ਹ ਸਕੂਲ ’ਚ ਅਥਲੈਟਿਕ ਮੀਟ
ਬਨੂੜ (ਪੱਤਰ ਪ੍ਰੇਰਕ): ਸਰਕਾਰ ਹਾਈ ਸਕੂਲ ਧਰਮਗੜ੍ਹ ਵਿਖੇ ਅਥਲੈਟਿਕਸ ਮੀਟ ਆਯੋਜਿਤ ਕੀਤੀ ਗਈ। ਖੇਡਾਂ ਦਾ ਉਦਘਾਟਨ ਸਕੂਲ ਦੀ ਮੁੱਖ ਅਧਿਆਪਕਾ ਸੀਨਮ ਨੇ ਕੀਤਾ। ਸਰਪੰਚ ਹਰਬੰਸ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਸੁਨੀਤਾ ਦੇਵੀ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਖੇਡ ਅਧਿਆਪਕ ਅਨਿਲ ਕੁਮਾਰ, ਮਨਪ੍ਰੀਤ ਸਿੰਘ, ਸੰਜੀਵ ਲਤਾ, ਸੁਨੀਤਾ ਦੀ ਅਗਵਾਈ ਹੇਠ 100 ਮੀਟਰ ਰੇਸ, ਲੈਮਨ ਰੇਸ, ਲੰਬੀ ਛਾਲ, ਸ਼ਾਟ-ਪੁੱਟ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਏ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਪੰਚਾਇਤ ਅਤੇ ਸਕੂਲ ਨੂੰ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਕੀਤਾ ਗਿਆ।