ਕਰਮਜੀਤ ਸਿੰਘ ਚਿੱਲਾ
ਬਨੂੜ, 17 ਅਗਸਤ
ਅੱਠ ਅਗਸਤ ਨੂੰ ਬਨੂੜ ਵਿਖੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਬੋਲਣ ਵਾਲਾ ਥਾਣਾ ਮੁਖੀ ਬਲਵਿੰਦਰ ਸਿੰਘ ਇੱਥੋਂ ਬਦਲ ਕੇ ਲਾਈਨ ਹਾਜ਼ਰ ਕੀਤਾ ਜਾਵੇਗਾ। ਇਹ ਭਰੋਸਾ ਡੀਐੱਸਪੀ ਰਾਜਪੁਰਾ ਗੁਰਬੰਸ ਸਿੰਘ ਬੈਂਸ ਨੇ ਅੱਜ ਦੁਪਹਿਰੇ ਇੱਥੋਂ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਉਪਰੰਤ ਦਿੱਤਾ। ਇਸ ਮਗਰੋਂ ਕਿਸਾਨ ਜਥੇਬੰਦੀਆਂ ਨੇ 18 ਅਗਸਤ ਨੂੰ ਐਸਐੱਚਓ ਵਿਰੁੱਧ ਕਾਰਵਾਈ ਨੂੰ ਲੈ ਕੇ ਬਨੂੜ ਵਿਖੇ ਕੌਮੀ ਮਾਰਗ ਉੱਤੇ ਲਗਾਏ ਜਾਣ ਵਾਲੇ ਜਾਮ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਮਾਨ ਸਿੰਘ ਰਾਜਪੁਰਾ ਤੇ ਹੋਰਨਾਂ ਨੇ ਨੇ ਡੀਐਸਪੀ ਨਾਲ ਮੀਟਿੰਗ ਕੀਤੀ। ਪਹਿਲਾਂ ਕਿਸਾਨ ਆਗੂ ਥਾਣਾ ਮੁਖੀ ਨੂੰ ਮੁਅੱਤਲ ਕਰਨ ਦੀ ਮੰਗ ’ਤੇ ਅੜ੍ਹੇ ਰਹੇ ਪਰ ਡੀਐਸਪੀ ਵੱਲੋਂ ਕਾਫ਼ੀ ਮੁਸ਼ੱਕਤ ਮਗਰੋਂ ਕਿਸਾਨਾਂ ਨੂੰ ਸੰਘਰਸ਼ ਰੱਦ ਕਰਨ ਲਈ ਮਨਾ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਹੁਣ ਜਾਮ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਉੱਚ ਅਧਿਕਾਰੀਆਂ ਦੇ ਨਿਰਦੇਸ਼ ਨਾਲ ਕੀਤਾ ਫੈਸਲਾ: ਡੀਐਸਪੀ
ਡੀਐਸਪੀ ਰਾਜਪੁਰਾ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਹੀ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੂੰ ਬਦਲਣ ਅਤੇ ਲਾਈਨ ਹਾਜ਼ਰ ਕਰਨ ਦਾ ਭਰੋਸਾ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਨਾਲ ਹੀ ਦਿੱਤਾ ਗਿਆ ਹੈ।