ਹਰਜੀਤ ਸਿੰਘ
ਡੇਰਾਬੱਸੀ, 16 ਅਪਰੈਲ
ਸ਼ਹਿਰ ਵਿੱਚ ਵੇਰਕਾ ਕੰਪਨੀ ਦਾ ਨਕਲੀ ਦੇਸੀ ਘਿਓ ਵਿਕਣ ਦੀ ਸੂਚਨਾ ਮਿਲਣ ’ਤੇ ਅੱਜ ਫੂਡ ਸੁਰੱਖਿਆ ਵਿਭਾਗ ਦੀ ਟੀਮ ਨੇ ਡੇਰਾਬੱਸੀ ਵਿੱਚ ਕਈ ਦੁਕਾਨਾਂ ’ਤੇ ਛਾਪੇ ਮਾਰੇ। ਇਸ ਦੌਰਾਨ ਟੀਮ ਨੇ ਇਕ ਦੁਕਾਨ ਤੋਂ ਕਥਿਤ ਤੌਰ ’ਤੇ ਕੁਝ ਵੇਰਕਾ ਦਾ ਸ਼ੱਕੀ ਘਿਓ ਵੀ ਬਰਾਮਦ ਕੀਤਾ ਹੈ। ਇਸ ਬਾਰੇ ਅਧਿਕਾਰੀ ਹਾਲੇ ਤੱਕ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਤਿੰਨ ਵਜੇ ਫੂਡ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਮੇਨ ਬਾਜ਼ਾਰ ਦੀ ਤਿੰਨ ਦੁਕਾਨਾਂ ’ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੂੰ ਇਕ ਦੁਕਾਨ ਵਿੱਚੋਂ ਕੁਝ ਸ਼ੱਕੀ ਘਿਓ ਦੇ ਡੱਬੇ ਮਿਲੇ ਹਨ ਜੋ ਅਧਿਕਾਰੀਆਂ ਨੇ ਜ਼ਬਤ ਕਰ ਲਏ ਹਨ। ਸਬੰਧਤ ਦੁਕਾਨਦਾਰ ਨੇ ਦੱਸਿਆ ਕਿ ਇਹ ਘਿਓ ਇਕ ਸੇਲਜ਼ ਮੈਨ ਦੇ ਕੇ ਜਾਂਦਾ ਹੈ ਜਿਸ ਨਾਲ ਦੁਕਾਨਦਾਰ ਨੇ ਫੋਨ ’ਤੇ ਅਧਿਕਾਰੀਆਂ ਦੀ ਗੱਲ ਵੀ ਕਰਵਾਈ। ਇਸ ਮਗਰੋਂ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਦੇਰ ਸ਼ਾਮ ਤੱਕ ਖ਼ਬਰ ਲਿਖੇ ਜਾਣ ਤੱਕ ਵਿਭਾਗ ਦੇ ਅਧਿਕਾਰੀ ਕਾਰਵਾਈ ਕਰਵਾਉਣ ਲਈ ਪੁਲੀਸ ਸਟੇਸ਼ਨ ਵਿੱਚ ਡੱਟੇ ਹੋਏ ਸਨ। ਇਸ ਸਬੰਧੀ ਫੂਡ ਸੇਫ਼ਟੀ ਅਫਸਰ ਅਨਿਲ ਕੁਮਾਰ ਨੇ ਦੱਸਿਆ ਕਿ ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਸੀ ਘਿਓ ਬਰਾਮਦ ਹੋਣ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਮਗਰੋਂ ਹੀ ਕੁਝ ਕਿਹਾ ਜਾ ਸਕਦਾ ਹੈ। ਉਂਝ ਉਨ੍ਹਾਂ ਪੁਸ਼ਟੀ ਕੀਤੀ ਕਿ ਅੱਜ ਨਕਲੀ ਘਿਓ ਸਮੇਤ ਹੋਰ ਸਾਮਾਨ ਵਿਕਣ ਦੀ ਸੂਚਨਾ ਮਗਰੋਂ ਟੀਮ ਨੇ ਕੁਝ ਦੁਕਾਨਾਂ ਦੀ ਜਾਂਚ ਕੀਤੀ ਹੈ।