ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਕਤੂਬਰ
ਇੱਥੋਂ ਦੇ ਸੈਕਟਰ-27 ਡੀ ਦੀ ਜਨਤਾ ਮਾਰਕੀਟ ਵਿੱਚ ਕਤੂਰੇ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਸੈਕਟਰ-26 ਦੀ ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪੁਨੀਤ ਸਿੰਘ ਵਾਸੀ ਸੈਕਟਰ-27 ਡੀ ਵਜੋਂ ਹੋਈ ਹੈ। ਇਹ ਕੇਸ ਥਾਣਾ ਸੈਕਟਰ-26 ਦੀ ਪੁਲੀਸ ਨੇ ਦਲੀਪ ਆਨੰਦ ਵਾਸੀ ਸੈਕਟਰ-28 ਏ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-27 ਡੀ ਦੀ ਮਾਰਕੀਟ ਵਿੱਚ ਕਤੂਰੇ ਘੁੰਮਦੇ ਸਨ, ਜਿਨ੍ਹਾਂ ਵਿੱਚੋਂ ਇਕ ਕਤੂਰਾ ਦੀਵਾਲੀ ਵਾਲੇ ਦਿਨ ਤੋਂ ਬਾਅਦ ਗਾਇਬ ਸੀ। ਕੁਝ ਦਿਨ ਬਾਅਦ ਮਾਰਕੀਟ ਵਿੱਚ ਬਦਬੂ ਫੈਲਣ ’ਤੇ ਜਦੋਂ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਕਿਸੇ ਨੇ ਕੁੱਤੇ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ ਹੈ। ਉਸ ਦੇ ਮਰੇ ਨੂੰ ਕਾਫੀ ਦਿਨ ਬੀਤ ਜਾਣ ਕਰਕੇ ਬਦਬੂ ਫੈਲ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਮਾਰਕੀਟ ਦੇ ਦੁਕਾਨਦਾਰਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ ਸੈਕਟਰ-26 ਦੀ ਪੁਲੀਸ ਨੇ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।