ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਕਤੂਬਰ
ਸ਼ਹਿਰ ਵਿੱਚ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਆਵਾਜਾਈ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਢਾਈ ਦਰਜਨ ਸਕੂਲਾਂ ਅਤੇ ਕਾਲਜਾਂ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਪੁਲੀਸ ਮੁਲਾਜ਼ਮਾਂ ਨੂੰ ਵੀ ਥਾਂ ਥਾਂ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਆਵਾਜਾਈ ਪ੍ਰਬੰਧ ਲੀਹੋਂ ਨਾ ਲੱਗੇ। ਪੁਲੀਸ ਨੇ ਸ਼ਹਿਰ ਦੇ ਸੈਕਟਰ- 8, 15, 22, 18, 19, 20, 29, 30, 32, 34, 44, 45, 46, 47, 35, 37, 38, 40, 41, ਮਨੀਮਾਜਰਾ ਅਤੇ ਹੋਰਨਾਂ ਇਲਾਕਿਆਂ ਦੇ ਸਕੂਲਾਂ, ਕਾਲਜਾਂ ਅਤੇ ਮਾਰਕੀਟਾਂ ਸਣੇ ਤਿੰਨ ਦਰਜਨ ਦੇ ਕਰੀਬ ਥਾਵਾਂ ’ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਦੇ ਨਜ਼ਦੀਕ ਮਾਰਕੀਟਾਂ ਵਿੱਚ ਜਾਣ ਸਮੇਂ ਵਾਹਨ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਤਾਂ ਜੋ ਆਵਾਜਾਈ ਸਮੱਸਿਆ ਨਾਲ ਦੋ ਚਾਰ ਨਾ ਹੋਣਾ ਪਵੇ।