ਪੱਤਰ ਪ੍ਰੇਰਕ
ਬਨੂੜ, 21 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾ ਬਾਗ ਮੋਰਚਾ ਅਤੇ ਪੰਜਾ ਸਾਹਿਬ ਦੇ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਹਲਕਾ ਪੱਧਰੀ ਸਿੰਘ ਸਜੋ ਸਮਾਗਮ ਅੱਜ ਪਿੰਡ ਬਠਲਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਦੀ ਅਗਵਾਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਭਾਈ ਸਹਿਜਵੀਰ ਸਿੰਘ ਧਰਮਗੜ੍ਹ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਸਿੰਘ ਸ਼ਹੀਦਾਂ ਸੋਹਾਣਾ ਤੋਂ ਕਥਾਵਾਚਕ ਭਾਈ ਜਰਨੈਲ ਸਿੰਘ, ਭਾਈ ਗੁਰਪ੍ਰੀਤ ਸਿੰਘ ਨਿਆਮੀਆਂ, ਪ੍ਰਚਾਰਕ ਭਾਈ ਜਤਿੰਦਰ ਸਿੰਘ ਨੇ ਕਥਾ ਕਰਦਿਆਂ ਦੋਵੇਂ ਸਾਕਿਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਢਾਡੀ ਗੁਰਨਾਮ ਸਿੰਘ ਮੋਹੀ ਨੇ ਢਾਡੀ ਵਾਰਾਂ ਪੇਸ਼ ਕੀਤੀਆਂ। ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਅਜਮੇਰ ਸਿੰਘ ਖੇੜਾ, ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਸੰਗਤਾਂ ਨੂੰ ਸਿੱਖੀ ਸਿਧਾਤਾਂ ਨਾਲ ਜੁੜਨ ਅਤੇ ਅੰਮ੍ਰਿਤਧਾਰੀ ਹੋਣ ਦਾ ਹੋਕਾ ਦਿੱਤਾ। ਇਸ ਮੌਕੇ ਬੱਚਿਆਂ ਦੇ ਦਸਤਾਰ ਸਜਾਉਣ, ਲੈਕਚਰ, ਕਵਿਤਾਵਾਂ ਅਤੇ ਪੇਂਟਿੰਗ ਦੇ ਮੁਕਾਬਲੇ ਕਰਾਏ ਗਏ, ਜਿਨ੍ਹਾਂ ਵਿੱਚ 275 ਦੇ ਕਰੀਬ ਬੱਚਿਆਂ ਨੇ ਭਾਗ ਲਿਆ।