ਪੱਤਰ ਪ੍ਰੇਰਕ
ਲਾਲੜੂ, 28 ਨਵੰਬਰ
ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਪ੍ਰਧਾਨ ਉੱਤੇ ਕਥਿਤ ਤੌਰ ’ਤੇ ਦਰੱਖਤਾਂ ਦੀ ਨਾਜਾਇਜ਼ ਕਟਾਈ ਦੇ ਦੋਸ਼ ਲਾਉਣ ਦਾ ਮਾਮਲਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ, ਜਿਸ ਤਹਿਤ ਕੌਂਸਲ ਦੀ ਪ੍ਰਧਾਨ ਦੇ ਪਤੀ ਅਤੇ ਕਾਂਗਰਸੀ ਆਗੂ ਮੁਕੇਸ਼ ਰਾਣਾ ਦੀ ਅਗਵਾਈ ਹੇਠ ਅੱਜ ਇੱਥੇ ਕੁੱਝ ਬੇਘਰੇ ਪਰਿਵਾਰਾਂ ਦੇ ਮੈਂਬਰਾਂ ਨੇ ਆਈਟੀਆਈ ਚੌਕ ਵਿਚ ਨਾਅਰੇਬਾਜ਼ੀ ਕੀਤੀ ਅਤੇ ਵਿਧਾਇਕ ਦਾ ਪੁਤਲਾ ਸਾੜਿਆ।
ਸ੍ਰੀ ਰਾਣਾ ਨੇ ਕਿਹਾ ਕਿ ਵਿਧਾਇਕ ਜਾਣ-ਬੁੱਝ ਕੇ ਸਾਜ਼ਿਸ਼ ਤਹਿਤ ਇਹ ਸਭ ਕੁੱਝ ਕਰ ਰਹੇ ਹਨ ਤਾਂ ਜੋ ਸਮਾਂ ਰਹਿੰਦੇ ਮੁੱਖ ਮੰਤਰੀ ਸਕੀਮ ਤਹਿਤ ਬੇਘਰੇ ਲੋਕਾਂ ਨੂੰ ਮੁਫ਼ਤ ਪਲਾਟ ਨਾ ਮਿਲ ਸਕਣ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ 267 ਬੇਘਰੇ ਪਰਿਵਾਰਾਂ ਨੂੰ ਰਹਿਣ ਲਈ ਥਾਂ ਦੇਣ ਦੇ ਮੰਤਵ ਨਾਲ ਕੌਂਸਲ ਅਧੀਨ ਆਉਂਦੀ ਕੌਲੀਮਾਜਰਾ ਦੇ ਰਕਬੇ ਵਿਚ ਪੈਦੀ ਥਾਂ ਚੁਣੀ ਗਈ ਹੈ। ਇਸ ਥਾਂ ’ਤੇ ਪਹਾੜੀ ਕਿੱਕਰਾਂ ਤੇ ਸਰਕੰਡੇ ਲੱਗੇ ਹੋਣ ਕਾਰਨ ਉਸ ਦੀ ਸਾਫ਼-ਸਫ਼ਾਈ ਲਈ ਨਿਯਮਾਂ ਮੁਤਾਬਕ ਬੋਲੀ ਕਰਵਾ ਕੇ ਠੇਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਾੜੀ ਕਿੱਕਰਾਂ ਦਾ ਕੋਈ ਐਸਟੀਮੇਟ ਨਹੀਂ ਹੁੰਦਾ ਅਤੇ ਨਾ ਹੀ ਜੰਗਲਾਤ ਵਿਭਾਗ ਦੀ ਸੂਚੀ ਵਿੱਚ ਇਹ ਦਰਜ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਬੇਵਜ੍ਹਾ ਸਰਕਾਰੀ ਕੰਮਾਂ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਹਲਕਾ ਵਿਧਾਇਕ ਸ੍ਰੀ ਸ਼ਰਮਾ ਨੇ ਕਿਹਾ ਕਿ ਬੇਘਰੇ ਲੋਕਾਂ ਨੂੰ ਪਲਾਟ ਦੇਣ ਦੇ ਨਾਂ ’ਤੇ ਕਿਸੇ ਨੂੰ ਧੋਖਾਧੜੀ ਨਹੀਂ ਕਰਨ ਦਿੱਤੀ ਜਾਵੇਗੀ। ਉੱਧਰ, ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਉਨ੍ਹਾਂ ਰਿਕਾਰਡ ਦੇਖ ਲਿਆ ਹੈ ਤੇ ਉਕਤ ਮਾਮਲੇ ਵਿਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।