ਕਰਮਜੀਤ ਸਿੰਘ ਚਿੱਲਾ
ਬਨੂੜ, 29 ਜੁਲਾਈ
ਬਨੂੜ ਦੇ ਵਾਰਡ ਨੰਬਰ 13 ਦੇ ਇੰਟਰਲਾਕ ਲਗਾ ਕੇ ਪੱਕੇ ਕੀਤੇ ਹੋਏ ਚੌਕ ਦੇ ਵਿਚਕਾਰ ਅੱਜ ਕੁੱਝ ਵਿਅਕਤੀਆਂ ਨੇ ਦੀਵਾਰ ਦੀ ਉਸਾਰੀ ਕਰਕੇ ਕਬਜ਼ਾ ਕਰ ਲਿਆ। ਸ਼ਹਿਰ ਦੇ ਲੋਕ ਅਤੇ ਵਾਰਡ ਵਾਸੀ ਇਸ ਨੂੰ ਨਜਾਇਜ਼ ਕਬਜ਼ਾ ਦੱਸ ਰਹੇ ਹਨ ਅਤੇ ਨਗਰ ਕੌਂਸਲ ਤੇ ਸਥਾਨਕ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ। ਅੱਜ ਸਵੇਰ ਸਮੇਂ ਹੀ ਕਾਬਜ਼ਕਾਰਾਂ ਵੱਲੋਂ ਚੌਕ ਦੀਆਂ ਇੰਟਰਲਾਕ ਟਾਈਲਾਂ ਪੁੱਟ ਕੇ ਦੀਵਾਰ ਦੀ ਉਸਾਰੀ ਆਰੰਭ ਕਰ ਦਿੱਤੀ ਗਈ। ਵਾਰਡ ਦੇ ਵਸਨੀਕਾਂ ਅਤੇ ਸ਼ਹਿਰ ਦੇ ਕੁੱਝ ਪਤਵੰਤਿਆਂ ਵੱਲੋਂ ਇਸ ਕਬਜ਼ੇ ਪ੍ਰਤੀ ਨਗਰ ਕੌਂਸਲ ਕੋਲ ਪਹੁੰਚ ਕੀਤੀ। ਵਾਰਡ ਵਾਸੀ ਤੇ ਕੌਂਸਲਰ ਬਲਕਾਰ ਸਿੰਘ, ਜਸਵੀਰ ਸਿੰਘ ਪੱਪੀ, ਸਾਬਕਾ ਕੌਂਸਲਰ ਗੁਰਵਿੰਦਰ ਸਿੰਘ, ਅਜੈਬ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ 40 ਸਾਲ ਪਹਿਲਾਂ ਦਾ ਇਹ ਚੌਕ ਬਣਿਆ ਹੋਇਆ ਹੈ, ਜਿੱਥੇ ਗਰੀਬ ਵਰਗ ਦੇ ਲੋਕ ਵਿਆਹ ਮੌਕੇ ਟੈਂਟ ਲਗਾ ਕੇ ਪ੍ਰੋਗਰਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ਉੱਤੇ ਇਹ ਕਬਜ਼ਾ ਨਹੀਂ ਹੋਣ ਦੇਣਗੇ। ਨਗਰ ਏਐੱਸਆਈ ਬਲਵਿੰਦਰ ਸਿੰਘ, ਮੁਨਸ਼ੀ ਜਸਪਾਲ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕੰਮ ਬੰਦ ਕਰਾਇਆ। ਕਬਜ਼ਾਕਾਰ ਹਰਵਿੰਦਰ ਸਿੰਘ ਬਘੌਰਾ ਨੇ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ 2017 ਵਿੱਚ ਖਰੀਦੀ ਸੀ। ਅਦਾਲਤ ਵੱਲੋਂ ਉਨ੍ਹਾਂਦੀ ਮਲਕੀਅਤ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸਾਰਾ ਕੁੱਝ ਕਾਨੂੰਨ ਅਨੁਸਾਰ ਕਰ ਰਹੇ ਹਨ।
ਕਾਰਵਾਈ ਲਈ ਪੁਲੀਸ ਨੂੰ ਪੱਤਰ ਲਿਖਿਆ: ਈਓ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸਬੰਧਤ ਥਾਂ ਨਗਰ ਕੌਂਸਲ ਦੀ ਮਲਕੀਅਤ ਹੈ ਤੇ ਮਾਲ ਵਿਭਾਗ ਨੇ ਕੌਂਸਲ ਦੀ ਗੈਰਹਾਜ਼ਰੀ ਵਿੱਚ ਮਿਣਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕਬਜ਼ੇ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਕੌਂਸਲ ਦੇ ਕਰਮਚਾਰੀ ਕੰਮ ਬੰਦ ਕਰਾਉਣ ਲਈ ਭੇਜੇ ਸਨ। ਪੁਲੀਸ ਨੂੰ ਵੀ ਇਤਲਾਹ ਦਿੱਤੀ ਤੇ ਮੁਹਾਲੀ ਦੀ ਐੱਸਡੀਐਮ ਦੇ ਵੀ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਮਿਣਤੀ ਕਰਾਉਣ ਲਈ ਤਹਿਸੀਲਦਾਰ ਨੂੰ ਪੱਤਰ ਲਿਖਿਆ ਹੈ ਤੇ ਚੌਕ ਦੀਆਂ ਟਾਈਲਾਂ ਪੁੱਟ ਕੇ ਦੀਵਾਰ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੂੰ ਪੱਤਰ ਭੇਜਿਆ ਗਿਆ ਹੈ। ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਬੰਧਤ ਥਾਂ ਦੀ ਹੋਈ ਮਿਣਤੀ ਉੱਤੇ ਨਾ ਤਾਂ ਨਗਰ ਕੌਂਸਲ ਨੇ ਹਾਲੇ ਤੱਕ ਲਿਖਤੀ ਤੌਰ ’ਤੇ ਇਤਰਾਜ਼ ਦਰਜ ਕਰਾਇਆ ਹੈ ਅਤੇ ਨਾ ਹੀ ਦੁਬਾਰਾ ਮਿਣਤੀ ਲਈ ਕੋਈ ਦਰਖਾਸਤ ਦਿੱਤੀ ਹੈ। ਥਾਣਾ ਮੁਖੀ ਜਗਜੀਤ ਸਿੰਘ ਨੇ ਕਿਹਾ ਕਿ ਉਹ ਪਟਿਆਲਾ ਵਿੱਚ ਡਿਊਟੀ ’ਤੇ ਗਏ ਹੋਏ ਹਨ ਤੇ ਜਦੋਂ ਹੀ ਉਨ੍ਹਾਂ ਨੂੰ ਈਓ ਨੇ ਦੱਸਿਆ ਉਨ੍ਹਾਂ ਤੁਰੰਤ ਫੋਰਸ ਭੇਜ ਕੇ ਕੰਮ ਬੰਦ ਕਰਾ ਦਿੱਤਾ।