ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 25 ਦਸੰਬਰ
ਬਾਂਸਮਾ (ਬਨੂੜ) ਵਿਖੇ ਸਥਿਤ ਫਰੂਡਨਬਰਗ ਨੋਕ ਕੰਪਨੀ ਦੇ ਕਾਮਿਆਂ ਵੱਲੋਂ ਆਪਣੀ ਯੂਨੀਅਨ ਦੀ ਰਜਿਸਟ੍ਰੇਸ਼ਨ ਲਈ ਇੱਥੋਂ ਦੇ ਕਿਰਤ ਵਿਭਾਗ ਦੇ ਪਿਛਲੇ ਚਾਰ ਦਿਨਾਂ ਤੋਂ ਬੰਦ ਕੀਤੇ ਗੇਟ ਨੂੰ ਕਿਰਤੀਆਂ ਨੇ ਖੋਲ੍ਹਣ ਦਾ ਫੈਸਲਾ ਕੀਤਾ ਹੈ। ਪਿਛਲੇ ਦੋ ਹਫ਼ਤੇ ਤੋਂ ਲਾਏ ਧਰਨੇ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਕਾਰਨ ਰੋਹ ਵਿੱਚ ਆਏ ਫੈਕਟਰੀ ਕਾਮਿਆਂ ਨੇ ਗੇਟ ਬੰਦ ਕਰਕੇ ਧਰਨਾ ਲਗਾ ਲਿਆ ਸੀ। ਡਿਪਟੀ ਕਮਿਸ਼ਨਰ ਮੁਹਾਲੀ ਦੀਆਂ ਹਦਾਇਤਾਂ ਉੱਤੇ ਤਹਿਸੀਲਦਾਰ ਹਰਿੰਦਰਜੀਤ ਸਿੰਘ, ਡੀਐਸਪੀ ਸੁਖਜੀਤ ਸਿੰਘ ਅਤੇ ਫੇਜ਼ ਗਿਆਰਾਂ ਥਾਣੇ ਦੇ ਮੁਖੀ ਗਗਨਦੀਪ ਸਿੰਘ ਨੇ ਪਹਿਲਾਂ ਧਰਨਾਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਪਹੁੰਚੇ ਸਹਾਇਕ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਨੂੰ ਉਨ੍ਹਾਂ ਦੀ ਕਿਰਤ ਕਮਿਸ਼ਨਰ ਨਾਲ ਮੀਟਿੰਗ ਕਰਾਈ ਜਾਵੇਗੀ ਅਤੇ ਯੂਨੀਅਨ ਦੀ ਰਜਿਸਟ੍ਰੇਸ਼ਨ ਕਰਨ ਲਈ ਵੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਏਟਕ ਆਗੂ ਵਿਨੋਦ ਚੁੱਘ ਨੇ ਦੱਸਿਆ ਕਿ ਅਧਿਕਾਰੀਆਂ ਦੇ ਭਰੋਸੇ ਮਗਰੋਂ ਗੇਟ ਦੇ ਅੰਦਰ ਲਗਾਇਆ ਧਰਨਾ ਚੁੱਕ ਲਿਆ ਹੈ ਤੇ ਗੇਟ ਦੇ ਬਾਹਰ ਦਿਨ-ਰਾਤ ਦਾ ਪੱਕਾ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਯੂਨੀਅਨ ਨੂੰ ਰਜਿਸਟਰਡ ਕਰਕੇ ਸਰਟੀਫਿਕੇਟ ਮੁਹੱਈਆ ਨਹੀਂ ਕਰਾਇਆ ਜਾਂਦਾ।