ਕਰਮਜੀਤ ਸਿੰਘ ਚਿੱਲਾ
ਬਨੂੜ, 15 ਮਈ
ਤੂੜੀ-ਤੰਦ ਸਾਂਭਣ ਅਤੇ ਕਣਕ ਦੀ ਗਹਾਈ ਦਾ ਕੰਮ ਮੁਕਾਉਣ ਉਪਰੰਤ ਕਿਸਾਨਾਂ ਨੇ ਮੁੜ ਦਿੱਲੀ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ ਹਨ। ਬਨੂੜ ਖੇਤਰ ਦੇ ਅੱਧੀ ਦਰਜਨ ਪਿੰਡਾਂ ਵਿੱਚੋਂ ਅੱਜ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਰਕੁਨ ਦਿੱਲੀ ਲਈ ਰਵਾਨਾ ਹੋਏ। ਕਿਸਾਨਾਂ ਨੇ ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਦਿੱਲੀ ਵਿਖੇ ਡਟਣ ਦਾ ਅਹਿਦ ਲਿਆ। ਬਨੂੜ ਖੇਤਰ ਵਿੱਚੋਂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਤਸਿੰਘ ਸੋਢੀ, ਸੱਤਪਾਲ ਸਿੰਘ ਰਾਜੋਮਾਜਰਾ ਦੀ ਅਗਵਾਈ ਹੇਠ, ਪਿੰਡ ਚੰਗੇਰਾ ਤੋਂ ਨੰਬਰਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ, ਪਿੰਡ ਸੂਰਜਗੜ੍ਹ ਤੋਂ ਜਰਨੈਲ ਸਿੰਘ ਦੀ ਅਗਵਾਈ ਹੇਠ ਕਿਸਾਨੀ ਜਥੇ ਦਿੱਲੀ ਲਈ ਰਵਾਨਾ ਹੋਏ।
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਇੱਥੇ ਅੱਜ ਪਿੰਡ ਢੇਰ ਤੋਂ ਕਿਸਾਨ ਆਗੂ ਇੰਦਰਜੀਤ ਸਿੰਘ ਫੌਜੀ ਦੀ ਅਗਵਾਈ ਹੇਠ 14ਵਾਂ ਜਥਾ ਸਿੰਘੂ ਬਾਰਡਰ ਚੱਲ ਰਹੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਸਵੇਰੇ ਰਵਾਨਾ ਹੋਇਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਜਾਰੀ ਹੈ। ਕਣਕ ਦੀ ਵਾਢੀ ਕਾਰਨ ਘਟੇ ਕਿਸਾਨ ਇਕੱਠ ਨੂੰ ਹੁਣ ਦੁਬਾਰਾ ਪਹਿਲਾਂ ਦੀ ਤਰ੍ਹਾਂ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੁਮਾਰ ਢੇਰ, ਬਲਦੇਵ ਸਿੰਘ ਅਟਵਾਲ, ਪਿਆਰਾ ਸਿੰਘ ਬੀਕਾਪੁਰ, ਜਸ਼ਨ ਸਿੰਘ ਗਰਾ,ਗੁਰਚਰਨ ਸਿੰਘ ਡੋਡ, ਅਜੈ ਗਰਾ,ਸੁਸ਼ੀਲ ਕੁਮਾਰ ਤੇ ਭੁਪੇਸ਼ ਕੁਮਾਰ ਗਰਾ ਵੀ ਹਾਜ਼ਰ ਸਨ।