ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 3 ਜੂਨ
ਇੱਥੋਂ ਦੇ ਟੀਡੀਆਈ ਸਿਟੀ ਸੈਕਟਰ-110 ਵਿੱਚ ਬੀਤੀ ਰਾਤ ਹਵਾਈ ਫਾਇਰਿੰਗ ਹੋਈ ਜਿਸ ਤੋਂ ਬਾਅਦ ਸੋਹਾਣਾ ਥਾਣੇ ਦੇ ਮੁਖੀ ਗੁਰਜੀਤ ਸਿੰਘ ਦੀ ਅਗਵਾਈ ਹੇਠ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਹਵਾਈ ਫਾਇਰਿੰਗ ਕਰਨ ਵਾਲੇ ਜਿਮ ਟਰੇਨਰ ਸਾਹਿਲ ਵਰਮਾ ਵਾਸੀ ਕੁਰਾਲੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ .32 ਬੋਰ ਦਾ ਲਾਇਸੈਂਸੀ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ ਹੈ।
ਥਾਣਾ ਮੁਖੀ ਦੀ ਜਾਣਕਾਰੀ ਅਨੁਸਾਰ ਘਟਨਾ ਲੰਘੀ ਰਾਤ ਦੀ ਦੱਸੀ ਜਾ ਰਹੀ ਹੈ ਅਤੇ ਪੁਲੀਸ ਨੇ ਅੱਜ ਤੜਕਸਾਰ ਟੀਡੀਆਈ ਸੈਕਟਰ ਵਿੱਚ ਸ਼ੱਕੀ ਵਿਅਕਤੀਆਂ ਦੀ ਸ਼ਨਾਖ਼ਤ ਲਈ ਵੱਖ-ਵੱਖ ਫਲੈਟਾਂ ਵਿੱਚ ਛਾਪੇ ਮਾਰੇ। ਇਸ ਦੌਰਾਨ ਕਈ ਫਲੈਟਾਂ ਵਿੱਚ ਰਹਿੰਦੇ ਕਿਰਾਏਦਾਰ ਬਿਨਾਂ ਪੁਲੀਸ ਵੈਰੀਫਿਕੇਸ਼ਨ ਤੋਂ ਪਾਏ ਗਏ। ਇਨ੍ਹਾਂ ਫਲੈਟਾਂਮਕਾਨ ਮਾਲਕਾਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ ਅਤੇ 200 ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਸਾਹਿਲ ਵਰਮਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕੁਰਾਲੀ ਦਾ ਰਹਿਣ ਵਾਲਾ ਹੈ ਤੇ ਬਲੌਂਗੀ ਜਿਮ ਦਾ ਟਰੇਨਰ ਹੈ। ਇਨੀ ਦਿਨੀਂ ਉਹ ਆਪਣੇ ਚਾਚੇ ਦੇ ਫਲੈਟ ਵਿੱਚ ਰਹਿ ਰਿਹਾ ਸੀ। ਉਹ ਲੰਘੀ ਰਾਤ ਟੀਡੀਆਈ ਸਿਟੀ ਵਿੱਚ ਘੁੰਮਣ ਲਈ ਗਿਆ ਸੀ ਅਤੇ ਸ਼ੌਂਕ ਨਾਲ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਿਮ ਟਰੇਨਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਬਿਨਾਂ ਦਸਤਾਵੇਜ਼ਾਂ ਵਾਲੇ ਤਿੰਨ ਮੋਟਰਸਾਈਕਲ ਜ਼ਬਤ
ਥਾਣਾ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲੀਸ ਵੱਲੋਂ ਬਿਨਾਂ ਦਸਤਾਵੇਜ਼ਾਂ ਤੋਂ ਤਿੰਨ ਮੋਟਰਸਾਈਕਲ ਕਬਜ਼ੇ ਵਿੱਚ ਲਏ ਗਏ ਜਦੋਂਕਿ ਇੱਕ ਫਾਰਚੂਨਰ ਕਾਰ ਦਾ ਚਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਵਾਈ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਪਛਾਣ ਸਾਹਿਲ ਵਰਮਾ ਵਾਸੀ ਕੁਰਾਲੀ ਵਜੋਂ ਹੋਈ ਹੈ ਜੋ ਇਸ ਸਮੇਂ ਐੱਸਬੀਪੀ ਹੋਮਜ਼ ਸੈਕਟਰ-117 ਦੇ ਫਲੈਟ ਵਿੱਚ ਰਹਿੰਦਾ ਸੀ। ਪੁਲੀਸ ਨੇ ਸਾਹਿਲ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਸੋਹਾਣਾ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਨੌਜਵਾਨ ਕੋਲੋਂ .32 ਬੋਰ ਦਾ ਲਾਇਸੈਂਸੀ ਰਿਵਾਲਵਰ ਅਤੇ ਚੱਲਿਆ ਹੋਇਆ ਕਾਰਤੂਸ ਵੀ ਬਰਾਮਦ ਕੀਤਾ ਹੈ।