ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਮਈ
ਅੱਜ ਇੱਥੋਂ ਦੇ ਸੈਕਟਰ 66-ਏ ਸਥਿਤ ਫੈਲਕਨ ਵਿਊ ਸੁਸਾਇਟੀ ਵਿੱਚ ਇਕ ਕਾਰੋਬਾਰੀ ਦੇ ਗੰਨਮੈਨ ਬਾਊਂਸਰ ਨੇ ਹਵਾਈ ਫਾਇਰ ਕੀਤੇ। ਇਸ ਕਾਰਨ ਮੁਹਾਲੀ ਏਅਰਪੋਰਟ ਨੇੜਲੇ ਇਸ ਰਿਹਾਇਸ਼ੀ ਖੇਤਰ ਵਿੱਚ ਦਹਿਸ਼ਤ ਫੈਲ ਗਈ। ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਹੈਪੀ ਉਰਫ਼ ਕਿਰਚ ਬਾਊਂਸਰ ਵਾਸੀ ਗੜੀਆਂ ਪੱਤੀ, ਭਵਾਨੀਗੜ੍ਹ (ਜ਼ਿਲ੍ਹਾ ਸੰਗਰੂਰ) ਵਜੋਂ ਹੋਈ ਹੈ। ਇਸ ਸਬੰਧੀ ਹੈਪੀ ਬਾਊਂਸਰ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਰੰਧਾਵਾ ਨਾਂਅ ਦੇ ਕਾਰੋਬਾਰੀ ਦਾ ਗੰਨਮੈਨ ਹੈ।
ਸੋਹਾਣਾ ਥਾਣਾ ਦੇ ਐੱਸਐੱਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਆਈਟੀ ਕੰਪਨੀ ਦੇ ਕਾਰੋਬਾਰੀ ਰੰਧਾਵਾ ਦੇ ਫਲੈਟ ਵਿੱਚ ਕਿਰਾਏ ’ਤੇ ਰਹਿੰਦੇ ਤਿੰਨ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਹਰਿਆਣਾ ਵਾਸੀ ਸੁਮਿਤ ਕੁਮਾਰ, ਸਾਗਰ, ਨਸੀਬ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਉਹ ਚਾਰੇ ਜਣੇ ਅੰਬਾਲਾ ਵਿੱਚ ਸਾਗਰ ਦੀ ਚਚੇਰੀ ਭੈਣ ਦੇ ਵਿਆਹ ਵਿੱਚ ਗਏ ਸਨ। ਉਹ ਹੈਪੀ ਬਾਊਂਸਰ ਨੂੰ ਵੀ ਨਾਲ ਲੈ ਗਏ ਸਨ। ਨਸ਼ੇ ਦੀ ਹਾਲਤ ਵਿੱਚ ਉਹ ਦੇਰ ਰਾਤ ਮੁਹਾਲੀ ਪਹੁੰਚੇ। ਇਸ ਮਗਰੋਂ ਵੀਰਵਾਰ ਤੜਕੇ ਹੈਪੀ ਬਾਊਂਸਰ ਨੇ ਬਾਲਕਾਨੀ ਵਿੱਚ ਖੜ੍ਹੇ ਹੋ ਕੇ ਆਪਣੀ ਲਾਇਸੈਂਸੀ ਬੰਦੂਕ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਸੁਸਾਇਟੀ ਦੇ ਲੋਕਾਂ ਦੇ ਇਕੱਠੇ ਹੋਣ ’ਤੇ ਉਹ ਅਸਲੇ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਮੁਲਜ਼ਮ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਉਹ ਆਪਣੇ ਘਰ ਅਤੇ ਹੋਰਨਾਂ ਟਿਕਾਣਿਆਂ ਤੋਂ ਫਰਾਰ ਦੱਸਿਆ ਜਾ ਰਿਹਾ ਹੈ।