ਸਲਾਹਕਾਰ ਮਨੋਜ ਪਰੀਦਾ ਨੇ ਸ਼ੈਲਟਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਸਲਾਹਕਾਰ ਮਨੋਜ ਪਰੀਦਾ ਨੇ ਸ਼ੈਲਟਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਸ਼ੈਲਟਰ ਕਲੋਨੀ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਸਲਾਹਕਾਰ ਮਨੋਜ ਪਰੀਦਾ। -ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ
ਚੰਡੀਗੜ੍ਹ, 3 ਦਸੰਬਰ

ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਮਨੋਜ ਕੁਮਾਰ ਪਰੀਦਾ ਨੇ ਅੱਜ ਇਥੇ ਸੈਕਟਰ 52 ਅਤੇ 56 ਵਿੱਚ ਬਣੇ ਪ੍ਰੀ-ਫੈਬਰੀਕੇਟਿਡ ਸ਼ੈਲਟਰਾਂ ਦਾ ਦੌਰਾ ਕਰਕੇ ਉਥੇ ਅਰਜ਼ੀ ਤੌਰ ’ਤੇ ਵਸਾਏ ਗਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਪ੍ਰੀ-ਫੈਬਰੀਕੇਟਿਡ ਸ਼ੈਲਟਰਾਂ ਦੇ ਵਸਨੀਕਾਂ ਨੂੰ ਮਲੋਆ ਸਥਿਤ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਸ਼ਿਫਟ ਕਰਨ ਦੀ ਪ੍ਰਕਿਰਿਆ ਨੂੰ ਇਸੇ ਮਹੀਨੇ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਫਲੈਟ ਅਲਾਟ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਸ਼ੈਲਟਰਾਂ ਨੂੰ ਤੋੜ ਕੇ ਇਸ ਥਾਂ ’ਤੇ ਕੰਡਿਆਲੀ ਤਾਰ ਲਗਾਈ ਜਾਵੇ। ਪ੍ਰਸ਼ਾਸਨ ਵੱਲੋਂ ਇਸ ਥਾਂ ਦੀ ਵਰਤੋਂ ਬਾਰੇ ਭਵਿੱਖ ਵਿੱਚ ਫੈਸਲਾ ਕੀਤਾ ਜਾਵੇਗਾ।

ਇਸ ਤੋਂ ਬਾਅਦ ਸ੍ਰੀ ਪਰੀਦਾ ਨੇ ਹਾਊਸਿੰਗ ਬੋਰਡ ਵਲੋਂ ਬਣਾਏ ਗਏ ਫਲੈਟਾਂ ਨੂੰ ਲੈਕੇ ਮਲੋਆ ਕੰਪਲੈਕਸ ਦਾ ਦੌਰਾ ਕੀਤਾ ਅਤੇ ਉਥੇ ਸੈਕਟਰ 52 ਅਤੇ 56 ਦੇ ਸ਼ੈਲਟਰਾਂ ਤੋਂ ਸ਼ਿਫਟ ਕੀਤੇ ਗਏ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵਸਨੀਕ ਨੇ ਸ਼੍ਰੀ ਪਰੀਦਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬੱਚਿਆਂ ਦੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਲਈ ਕਿਹਾ। ਸ੍ਰੀ ਪਰੀਦਾ ਨੇ ਹਾਊਸਿੰਗ ਬੋਰਡ ਅਤੇ ਪ੍ਰਸ਼ਾਸਨ ਦੇ ਸਬੰਧਤ ਮਹਿਕਮਿਆਂ ਨੂੰ ਫਲੈਟਾਂ ਵਿੱਚ ਮੁੱਢਲੀਆਂ ਸਹੂਲਤਾਂ ਦੇਣ ਅਤੇ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਸਮੇਤ ਚੀਫ ਇੰਜਨੀਅਰ ਰਾਜੀਵ ਸਿੰਗਲਾ ਤੇ ਹਾਊਸਿੰਗ ਬੋਰਡ ਦੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਥੋਂ ਦੇ ਸੈਕਟਰ 52 ਅਤੇ 56 ਵਿੱਚ ਬਣਾਏ ਪ੍ਰੀ-ਫੈਬਰੀਕੇਟਡ ਸ਼ੈਲਟਰਾਂ ਦੇ ਵਸਨੀਕ ਨੂੰ ਕੇਂਦਰ ਸਰਕਾਰ ਦੀ ਕਿਫਾਇਤੀ ਕਿਰਾਇਆ ਹਾਊਸਿੰਗ ਕੰਪਲੈਕਸ ਯੋਜਨਾ ਤਹਿਤ ਹਾਊਸਿੰਗ ਬੋਰਡ ਵੱਲੋਂ ਮਲੋਆ ਵਿੱਚ ਬਣਾਏ ਗਏ ਈਐਡਬਲਿਊਐੱਸ ਫਲੈਟਾਂ ਵਿੱਚ ਕਿਰਾਏ ਦੇ ਆਧਾਰ ’ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਹਾਊਸਿੰਗ ਬੋਰਡ ਵਲੋਂ ਡਰਾਅ ਰਾਹੀਂ ਫਲੈਟ ਅਲਾਟ ਕੀਤੇ ਜਾ ਰਹੇ ਹਨ। ਫਲੈਟ ਦਾ ਕਿਰਾਇਆ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਅਲਾਟੀਆਂ ਨੂੰ ਇਨ੍ਹਾਂ ਫਲੈਟਾਂ ਵਿੱਚ ਨਾਜਾਇਜ਼ ਉਸਾਰੀਆਂ ਨਾ ਕਰਨ ਲਈ ਕਿਹਾ ਗਿਆ ਹੈ ਤੇ ਹਾਊਸਿੰਗ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All