ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੁਲਾਈ
ਸੀਬੀਐਸਈ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਨਤੀਜੇ ਦੇ ਐਲਾਨ ਹੁੰਦੇ ਹੀ ਯੂਟੀ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਕਾਲਜਾਂ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਚੰਡੀਗੜ੍ਹ ਦੇ ਸਰਕਾਰੀ ਤੇ ਨਿੱਜੀ ਕਾਲਜਾਂ ਵਿਚ ਦਾਖਲਾ ਫਾਰਮ 23 ਜੁਲਾਈ ਨੂੰ ਮਿਲਣੇ ਸ਼ੁਰੂ ਹੋਣਗੇ। ਇਹ ਫਾਰਮ ਆਨਲਾਈਨ ਹੀ ਮਿਲਣਗੇ ਤੇ ਆਨਲਾਈਨ ਹੀ ਜਮ੍ਹਾਂ ਕਰਵਾਏ ਜਾਣਗੇ ਤੇ ਇਸ ਵਾਰ ਕਿਸੇ ਵੀ ਕਾਲਜ ਵਿਚ ਫਿਜ਼ੀਕਲ ਕਾਊਂਸਲਿੰਗ ਨਹੀਂ ਹੋਵੇਗੀ। ਸਾਰੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੀਆਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਜਮਾਤਾਂ ਲਈ ਸੈਂਟਰਲਾਈਜ਼ਡ ਤੇ ਨਾਨ ਸੈਂਟਰਲਾਈਜ਼ਡ ਦਾਖਲੇ ਹੋਣਗੇ। ਵਿਦਿਆਰਥੀਆਂ ਦੀ ਕਾਲਜ ਵਿਚ ਸੀਟ ਪੱਕੀ ਹੋਣ ਤੋਂ ਬਾਅਦ ਉਸ ਨੂੰ ਐੱਸਐੱਮਐੱਸ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਨਲਾਈਨ ਫੀਸ ਜਮ੍ਹਾਂ ਹੋਵੇਗੀ। ਕਾਲਜਾਂ ਵਿਚ ਦਾਖਲਾ ਪ੍ਰਕਿਰਿਆ ਸਬੰਧੀ ਅੱਜ ਸਿੱਖਿਆ ਸਕੱਤਰ ਪੂਰਵਾ ਗਰਗ, ਡਾਇਰੈਕਟਰ ਹਾਇਰ ਐਜੂਕੇਸ਼ਨ ਅਮਨਦੀਪ ਸਿੰਘ ਭੱਟੀ ਤੇ ਹੋਰ ਅਧਿਕਾਰੀਆਂ ਨੇ ਅੱਜ ਪ੍ਰਾਸਪੈਕਟਸ ਜਾਰੀ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜਾਂ ਦੀਆਂ ਫੀਸਾਂ ਸਾਰੇ ਸੰਪਰਕ ਸੈਂਟਰ ਵਿਚ ਤੇ ਕਾਲਜਾਂ ਦੇ ਵਿਸ਼ੇਸ਼ ਕਾਊਂਟਰ ’ਤੇ ਭਰੀਆਂ ਜਾ ਸਕਣਗੀਆਂ। ਬੀਬੀਏ, ਬੀਸੀਏ, ਬੀਕਾਮ, ਬੀਐੱਸਸੀ ਪਹਿਲੇ ਸਾਲ ਲਈ ਪਹਿਲੀ ਆਨਲਾਈਨ ਕਾਊਂਸਿੰਗ ਯੂਟੀ ਪੂਲ ਲਈ 16 ਅਗਸਤ ਨੂੰ ਕਰਵਾਈ ਜਾਵੇਗੀ ਜਦਕਿ ਆਊਟਸਾਈਡ ਯੂਟੀ ਪੂਲ ਲਈ 17 ਅਗਸਤ ਨੂੰ ਕਾਊਂਸਲਿੰਗ ਹੋਵੇਗੀ। ਦੂਜੀ ਆਨਲਾਈਨ ਕਾਊਂਸਲਿੰਗ 23 ਤੇ 24 ਅਗਸਤ ਨੂੰ ਹੋਵੇਗੀ।
ਪੰਜ ਅਗਸਤ ਨੂੰ ਜਾਰੀ ਹੋਵੇਗੀ ਵਿਦਿਆਰਥੀਆਂ ਦੀ ਸੂਚੀ
ਉਚ ਸਿੱਖਿਆ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਕਾਲਜਾਂ ਵਿਚ ਦਾਖਲੇ ਭਰਨ ਦੀ ਆਖਰੀ ਤਰੀਖ 3 ਅਗਸਤ ਹੋਵੇਗੀ। 5 ਅਗਸਤ ਨੂੰ ਦਰਖਾਸਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਪ੍ਰਦਰਸ਼ਿਤ ਕੀਤੀ ਜਾਵੇਗੀ। ਜੇ ਕਿਸੇ ਵਿਦਿਆਰਥੀ ਨੂੰ ਸੂਚੀ ਵਿਚ ਖਾਮੀਆਂ ਮਿਲਦੀਆਂ ਹਨ ਤਾਂ ਉਹ 7 ਅਗਸਤ ਨੂੰ ਸਪਿੱਕ ਕੋਲ ਦਰਖਾਸਤ ਕਰ ਸਕਦੇ ਹਨ। ਯੋਗ ਵਿਦਿਆਰਥੀਆਂ ਦੀ ਆਰਜ਼ੀ ਸੂਚੀ 10 ਅਗਸਤ ਨੂੰ ਪ੍ਰਦਰਸ਼ਿਤ ਹੋਵੇਗੀ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਕਿਹੜੇ ਕਾਲਜ ਵਿਚ ਦਾਖਲਾ ਮਿਲਣਾ ਹੈ, ਬਾਰੇ ਜਾਣਕਾਰੀ 12 ਅਗਸਤ ਨੂੰ ਨਸ਼ਰ ਕੀਤੀ ਜਾਵੇਗੀ। ਇਸ ਤੋਂ ਬਾਅਦ ਵੀ ਜੇ ਕਿਸੇ ਵਿਦਿਆਰਥੀ ਨੂੰ ਉਜਰ ਹੋਵੇਗਾ ਤਾਂ ਉਹ 15 ਅਗਸਤ ਤਕ ਇਤਰਾਜ਼ ਦਾਖਲ ਕਰਵਾ ਸਕਦਾ ਹੈ।