ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 24 ਅਗਸਤ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੇ ਹੋਰ ਜਥੇਬੰਦੀਆਂ ਵੱਲੋਂ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-6 ਸਥਿਤ ਵੇਰਵਾ ਮਿਲਕ ਪਲਾਂਟ ਦੇ ਬਾਹਰ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਲੜੀਵਾਰ ਧਰਨਾ ਬੁੱਧਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ ਨੇ ਸ਼ਾਮ ਨੂੰ ਪਲਾਂਟ ਦਾ ਮੁੱਖ ਗੇਟ ਬੰਦ ਕਰਕੇ ਦੁੱਧ ਦੀ ਸਪਲਾਈ ਰੋਕਣ ਲਈ ਗੁਪਤ ਐਕਸ਼ਨ ਕੀਤਾ ਜਾਣਾ ਸੀ ਪਰ ਇਸ ਦੀ ਭਿਣਕ ਪੈਂਦੇ ਹੀ ਪੰਜਾਬ ਸਰਕਾਰ ਨੇ ਹਰਕਤ ਵਿੱਚ ਆਉਂਦਿਆਂ ਧਰਨਾਕਾਰੀਆਂ ਨੂੰ ਪਲੋਸ ਲਿਆ। ਇਸ ਸਬੰਧੀ ਪਹਿਲਾਂ ਮਿਲਕਫੈੱਡ ਦੇ ਐੱਮਡੀ ਨੇ ਮੀਟਿੰਗ ਕੀਤੀ। ਉਪਰੰਤ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਨੇ ਲਿਖਤੀ ਪੱਤਰ ਜਾਰੀ ਕਰਕੇ 26 ਅਗਸਤ ਨੂੰ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਜਿਸ ਕਾਰਨ ਫਿਲਹਾਲ ਅੱਜ ਦੁੱਧ ਦੀ ਸਪਲਾਈ ਰੋਕਣ ਲਈ ਕੀਤਾ ਜਾਣ ਵਾਲਾ ਗੁਪਤ ਐਕਸ਼ਨ ਮੁਲਤਵੀ ਕੀਤਾ ਗਿਆ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਜੇ 26 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿੱਚ ਲੰਪੀ ਸਕਿਨ ਦੀ ਬੀਮਾਰੀ ਨਾਲ ਮਰਨ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਯੋਗ ਮੁਆਵਜ਼ਾ ਅਤੇ ਦੁੱਧ ਉਤਪਾਦਕਾਂ ਨੂੰ ਵਿੱਤੀ ਸੰਕਟ ’ਚੋਂ ਬਾਹਰ ਕੱਢਣ ਲਈ ਦੱੁਧ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਨਾ ਕੀਤਾ ਜਾਵੇ ਤੇ ਨਕਲੀ ਦੁੱਧ ਦੇ ਕਾਰੋਬਾਰ ਨੂੰ ਸਖ਼ਤੀ ਨਾਲ ਰੋਕਣ ਲਈ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।