ਮੁਕੇਸ਼ ਕੁਮਾਰ
ਚੰਡੀਗੜ੍ਹ, 26 ਅਗਸਤ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਮਕਾਨਾਂ ਦਾ ਬਕਾਇਆ ਨਾ ਭਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਅੱਜ ਇੱਥੇ ਧਨਾਸ ’ਚ ਤਿੰਨ ਰਿਹਾਇਸ਼ੀ ਇਕਾਈਆਂ ਖਾਲੀ ਕਰਵਾ ਕੇ ਇਨ੍ਹਾਂ ਨੂੰ ਸੀਲ ਕਰ ਦਿੱਤਾ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਖਾਲੀ ਕਰਵਾਈਆਂ ਗਈਆਂ ਇਨ੍ਹਾਂ ਇਕਾਈਆਂ ਵਿੱਚੋਂ ਇੱਕ ਪੰਜ ਮਰਲੇ ਦੇ ਮਕਾਨ ਦਾ ਅਲਾਟੀ ਚੰਡੀਗੜ੍ਹ ਹਾਊਸ ਦਾ ਬਕਾਇਆ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਿਹਾ ਸੀ। ਮਾਮਲਾ ਸੁਪਰੀਮ ਕੋਰਟ ਤੱਕ ਗਿਆ ਅਤੇ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਲਾਟੀ ਨੂੰ 1.70 ਕਰੋੜ ਰੁਪਏ ਦਾ ਛੇ ਹਫ਼ਤਿਆਂ ਅੰਦਰ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਅਲਾਟੀ ਬਕਾਇਆ ਭਰਨ ਵਿੱਚ ਅਸਫਲ ਰਿਹਾ। ਇਸ ਮਕਾਨ ਨੂੰ ਬੋਰਡ ਵਲੋਂ ਅੱਜ ਖਾਲੀ ਕਰਵਾ ਲਿਆ ਗਿਆ ਹੈ।
ਇਸੇ ਤਰ੍ਹਾਂ ਦੋ ਛੋਟੇ ਫਲੈਟ ਵੀ ਖਾਲੀ ਕਰਵਾਏ ਗਏ। ਇਨ੍ਹਾਂ ਵਿੱਚੋਂ ਇੱਕ ਫਲੈਟ ਦੇ ਅਲਾਟੀ ਨੇ ਅਣਅਧਿਕਾਰਤ ਤੌਰ ’ਤੇ ਫਲੈਟ ਕਿਸੇ ਹੋਰ ਨੂੰ ਵੇਚ ਦਿੱਤਾ ਸੀ, ਜਦੋਂ ਕਿ ਇਹ ਫਲੈਟ ਯੋਜਨਾ ਅਨੁਸਾਰ ਅੱਗੇ ਵੇਚਿਆ ਨਹੀਂ ਜਾ ਸਕਦਾ। ਇਸ ਛੋਟੇ ਫਲੈਟ ’ਚ ਗੈਰ-ਕਾਨੂੰਨੀ ਢੰਗ ਨਾਲ ਟੈਂਟ ਹਾਊਸ ਚਲਾਇਆ ਜਾ ਰਿਹਾ ਸੀ। ਦੂਜੇ ਛੋਟੇ ਫਲੈਟ ਦੇ ਅਲਾਟੀ ਵੱਲੋਂ ਬੋਰਡ ਨੂੰ 1.14 ਲੱਖ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਸੀ ਕੀਤਾ ਗਿਆ। ਬੋਰਡ ਵਲੋਂ ਅੱਜ ਕਾਰਵਾਈ ਕਰਦੇ ਹੋਏ ਇਨ੍ਹਾਂ ਤਿੰਨੋਂ ਰਿਹਾਇਸ਼ੀ ਇਕਾਈਆਂ ਵਿੱਚ ਰੱਖਿਆ ਸਾਮਾਨ ਬਾਹਰ ਕੱਢ ਕੇ ਇਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ।
ਸ੍ਰੀ ਗਰਗ ਨੇ ਹੋਰ ਅਲਾਟੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਸਾਰੇ ਬਕਾਏ ਵਿਆਜ ਸਮੇਤ ਬੋਰਡ ਕੋਲ ਜਮ੍ਹਾਂ ਕਰਵਾਉਣ। ਬਕਾਏ ਦੀ ਸੂਚੀ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੈੱਬਸਾਈਟ ’ਤੇ ਅੱਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਕਾਇਆਂ ਦੀ ਤਾਜ਼ਾ ਸਥਿਤੀ ਬਾਰੇ ਹਾਊਸਿੰਗ ਬੋਰਡ ਦੀ ਵੈੱਬਸਾਈਟ ’ਤੇ ਜਾ ਕੇ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੀ ਵੈੱਬਸਾਈਟ ’ਤੇ 665 ਉਨ੍ਹਾਂ ਛੋਟੇ ਫਲੈਟਾਂ ਦੀ ਇਕ ਹੋਰ ਸੂਚੀ ਅਪਲੋਡ ਕੀਤੀ ਗਈ ਹੈ, ਜਿਨ੍ਹਾਂ ਦਾ ਇੱਕ ਲੱਖ ਰੁਪਏ ਤੋਂ ਵੱਧ ਬਕਾਇਆ ਹੈ। ਜਾਰੀ ਨੋਟਿਸਾਂ ਅਨੁਸਾਰ ਇਨ੍ਹਾਂ ਡਿਫਾਲਟਰਾਂ ਨੂੰ ਬਕਾਏ ਤਾਰਨ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਸ ਤੋਂ ਬਾਅਦ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਕੇ ਸੀਲਿੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤਾ ਜਾਵੇਗੀ। ਜ਼ਿਕਰਯੋਗ ਹੈ ਬੋਰਡ ਵੱਲੋਂ ਮੁੜਵਸੇਬਾ ਯਜਨਾ ਅਧੀਨ ਅਲਾਟ ਕੀਤੇ ਗਏ ਫਲੈਟਾਂ ਦੇ ਅਲਾਟੀਆਂ ਨੂੰ ਕਿਸ਼ਤਾਂ ਅਤੇ ਕਿਰਾਇਆ ਸਮੇਂ ਸਿਰ ਜਮ੍ਹਾਂ ਨਾ ਕਰਨ ਸਬੰਧੀ ਪਿਛਲੇ ਸਾਲ ਮਾਰਚ ਵਿੱਚ ਨੋਟਿਸ ਜਾਰੀ ਕੀਤੇ ਗਏ ਸਨ। ਬੋਰਡ ਦੇ ਨੋਟਿਸ ਮਿਲਣ ਤੋਂ ਬਾਅਦ ਵੀ ਕਈ ਅਲਾਟੀਆਂ ਨੇ ਆਪਣੀ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾਈ। ਬੋਰਡ ਦੀ ਸੂਚੀ ਅਨੁਸਾਰ 665 ਅਲਾਟੀਆਂ ਦੀ ਬਕਾਇਆ ਰਾਸ਼ੀ ਇੱਕ ਲੱਖ ਰੁਪਏ ਤੋਂ ਉੱਪਰ ਹੈ।