ਪੱਤਰ ਪ੍ਰੇਰਕ
ਚੰਡੀਗੜ੍ਹ, 15 ਜੂਨ
ਅਤਿ ਦੀ ਗਰਮੀ ਕਾਰਨ ਚੰਡੀਗੜ੍ਹ ਦੇ ਕਈ ਇਲਾਕਿਆਂ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਣੀ ਦੇ ਟੈਂਕਰ ਮੰਗਵਾ ਕੇ ਗੁਜ਼ਾਰਾ ਕਰ ਰਹੇ ਹਨ, ਉਧਰ ਦੂਜੇ ਪਾਸੇ ਨਗਰ ਨਿਗਮ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ ਵਿੱਚ ਪਾਣੀ ਦੀ ਬਰਬਾਦੀ ਕਰਨ ਤੋਂ ਲੋਕ ਬਾਜ਼ ਨਹੀਂ ਆ ਰਹੇ। ਨਗਰ ਨਿਗਮ ਦੇ ਜਨ ਸਿਹਤ ਵਿਭਾਗ ਵਲੋਂ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਵਲੋਂ ਅਜਿਹੇ ਡਿਫਾਲਟਰਾਂ ਦੇ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਨਿਗਮ ਦੀਆਂ ਟੀਮਾਂ ਨੇ ਅੱਜ ਬੁੱਧਵਾਰ ਨੂੰ ਸਵੇਰੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਕੀਤੀ ਗਈ ਚੈਕਿੰਗ ਦੌਰਾਨ 12 ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ 8 ਜਣਿਆਂ ਦੇ ਚਲਾਨ ਕੱਟੇ ਗਏ। ਨਿਗਮ ਵਲੋਂ ਲੰਘੀ 15 ਅਪ੍ਰੈਲ ਤੋਂ ਬਾਅਦ ਪਾਣੀ ਦੀ ਬਰਬਾਦੀ ਕਰਨ ਵਾਲੇ 1683 ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ 135 ਜਣਿਆਂ ਦੇ ਪੰਜ ਪੰਜ ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ। ਵਾਰ ਵਾਰ ਉਲੰਘਣ ਕਰਨ ਵਾਲੇ ਖਪਤਕਾਰਾਂ ਦਾ ਪਾਣੀ ਦਾ ਮੀਟਰ ਵੀ ਜ਼ਬਤ ਕੀਤਾ ਗਿਆ। ਨਿਗਮ ਵਲੋਂ ਫਿਲਹਾਲ 30 ਜੂਨ ਤੱਕ ਸ਼ਹਿਰ ਵਿੱਚ ਇਹ ਮੁਹਿੰਮ ਚਲਾਈ ਜਾਰੀ ਰਹੇਗੀ। ਸਖਤੀ ਦੇ ਬਾਵਜੂਦ ਰੋਜ਼ਾਨਾ ਹਜ਼ਾਰਾਂ ਲਿਟਰ ਪਾਣੀ ਕਾਰਾਂ ਧੋਣ, ਪਾਰਕਾਂ ਦੀ ਸਿੰਚਾਈ, ਘਰਾਂ ਦੇ ਵੇਹੜੇ ਧੋਣ ਸਮੇਤ ਪਾਣੀ ਦੇ ਮੀਟਰਾਂ ਅਤੇ ਪਾਣੀ ਦੀਆਂ ਟੈਂਕੀਆਂ ਵਿੱਚ ਲੀਕੇਜ ਹੋਣ ਕਾਰਨ ਬਰਬਾਦ ਹੋ ਜਾਂਦਾ ਹੈ। ਨਿਗਮ ਵਲੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ।