ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਅਕਤੂੁਬਰ
ਇੱਥੋਂ ਦੇ ਡੀਏਵੀ ਪਬਲਿਕ ਸਕੂਲ ਸੈਕਟਰ 39 ਵੱਲੋਂ ਅੱਠ ਫ਼ੀਸਦੀ ਤੋਂ ਜ਼ਿਆਦਾ ਫ਼ੀਸ ਵਧਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਖ਼ਿਲਾਫ਼ ਡੀਈਓ ਨੂੰ ਸ਼ਿਕਾਇਤ ਕੀਤੀ ਹੈ ਜਦਕਿ ਇਸੇ ਤਰ੍ਹਾਂ ਦੋ ਹੋਰ ਸਕੂਲਾਂ ਵੱਲੋਂ ਫ਼ੀਸਾਂ ਵਧਾਉਣ ਸਬੰਧੀ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਵਿਭਾਗ ਨੇ ਇਨ੍ਹਾਂ ਸਕੂਲਾਂ ਨੂੰ ਚਿਤਾਵਨੀ ਪੱਤਰ ਜਾਰੀ ਕਰ ਦਿੱਤਾ ਹੈ। ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਸਕੂਲ ਨੇ ਇਸ ਸਾਲ 20 ਫੀਸਦੀ ਤਕ ਫ਼ੀਸ ਵਧਾ ਦਿੱਤੀ ਹੈ। ਇਸ ਸਕੂਲ ਖਿਲਾਫ਼ ਹੋਰ ਮਾਪਿਆਂ ਦੀਆਂ ਵੀ ਸ਼ਿਕਾਇਤਾਂ ਆਈਆਂ ਹਨ। ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਫ਼ੀਸ ਐਕਟ ਲਾਗੂ ਹੈ ਜਿਸ ਅਨੁਸਾਰ ਕੋਈ ਵੀ ਸਕੂਲ ਸਾਲਾਨਾ ਅੱਠ ਫ਼ੀਸਦੀ ਤੋਂ ਵੱਧ ਫ਼ੀਸ ਵਧਾ ਨਹੀਂ ਸਕਦਾ। ਇੱਕ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਫ਼ੀਸਾਂ ਵਧਾਉਣ ਦੇ ਮਾਮਲੇ ’ਤੇ ਪ੍ਰਿੰਸੀਪਲ ਨਾਲ ਗੱਲ ਕੀਤੀ ਤੇ ਵਿੱਤੀ ਸੰਕਟ ਦਾ ਹਵਾਲਾ ਦਿੱਤਾ, ਪਰ ਸਕੂਲ ਮੁਖੀ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਧਿਆਪਕਾਂ ਨੇ ਵੀ ਫ਼ੀਸ ਲੈਣ ਲਈ ਉਨ੍ਹਾਂ ’ਤੇ ਦਬਾਅ ਪਾਇਆ ਤੇ ਆਨਲਾਈਨ ਚੱਲ ਰਹੀ ਕਲਾਸ ਦੌਰਾਨ ਵਿਦਿਆਰਥਣ ਨੂੰ ਫ਼ੀਸ ਦਾ ਬਕਾਇਆ ਦੇਣ ਲਈ ਕਿਹਾ। ਡੀਈਓ ਪ੍ਰਭਜੋਤ ਕੌਰ ਨੇ ਦੱਸਿਆ ਕਿ ਡੀਏਵੀ ਸਕੂਲ ਤੇ ਹੋਰ ਸਕੂਲਾਂ ਦੀਆਂ ਵਧਾਈਆਂ ਫ਼ੀਸਾਂ ਬਾਰੇ ਸਕੂਲਾਂ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਵਧਾਈਆਂ ਫ਼ੀਸਾਂ ਵਾਪਸ ਨਾ ਕੀਤੀਆਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
25 ਹਜ਼ਾਰ ਵਿਦਿਆਰਥਣਾਂ ਨੂੰ ਸਿੱਖਿਅਤ ਕਰੇਗਾ ਬਾਲ ਕਮਿਸ਼ਨ
ਚੰਡੀਗੜ੍ਹ ਬਾਲ ਕਮਿਸ਼ਨ ਵੱਲੋਂ ਯੂਟੀ ਦੇ ਸਕੂਲਾਂ ਵਿੱਚ ਪੜ੍ਹਦੀਆਂ 25 ਹਜ਼ਾਰ ਵਿਦਿਆਰਥਣਾਂ ਨੂੰ ਸਿੱਖਿਅਤ ਕੀਤਾ ਜਾਵੇਗਾ। ਇਸ ਸਬੰਧੀ 50 ਸਕੂਲਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਪੈਰੀਫੇਰੀ ’ਚ ਪੈਂਦੇ ਸਰਕਾਰੀ ਸਕੂਲ ਵੀ ਸ਼ਾਮਲ ਹਨ। ਇਹ ਵਿਦਿਆਰਥਣਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਚੁਣੀਆਂ ਜਾਣਗੀਆਂ ਜੋ ਆਪਸ ਵਿੱਚ ਵੀ ਇੱਕ ਦੂਜੇ ਨੂੰ ਸਿਖਲਾਈ ਦੇਣਗੀਆਂ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੀਆਂ ਵਿਦਿਆਰਥਣਾਂ ਅੰਗਰੇਜ਼ੀ ਮੁਹਾਰਤ ਬਾਰੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਪੜ੍ਹਨ ਵਿੱਚ ਸਹਿਯੋਗ ਦੇਣਗੀਆਂ ਜਦਕਿ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨਿੱਜੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਪਣੀਆਂ ਗਤੀਵਿਧੀਆਂ ਸਿਖਾਉਣਗੀਆਂ। ਬਾਲ ਕਮਿਸ਼ਨ ਨੇ ਸਕੂਲਾਂ ਨੇ ਟੀਚਾ ਦਿੱਤਾ ਹੈ ਕਿ ਉਹ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਦੇ ਨਾਂ ਸੌਂਪਣ। ਇਨ੍ਹਾਂ ਵਿਦਿਆਰਥਣਾਂ ਨੂੰ ਸੈਲਫ ਡਿਫੈਂਸ ਟਰੇਨਿੰਗ, ਕਰੀਏਟਿਵ ਕਰਾਫਟ, ਅਧਿਕਾਰਾਂ ਪ੍ਰਤੀ ਜਾਗਰੂਕਤਾ ਬਾਰੇ ਸਿਖਲਾਈ ਦਿੱਤੀ ਜਾਵੇਗੀ।